ਇਹ ਸੰਸਕਰਣ ਨਰੋਲ ਗਿਆਨ ਹੈ ਜੋ ਬਾਲ ਰਿਸ਼ੀ ਅਸ਼ਟਾਵਕ੍ਰ ਨੇ ਰਾਜਾ ਜਨਕ ਨੂੰ ਦਿੱਤਾ। ਰਾਜਾ ਜਨਕ ਆਪ ਵੀ ਗਿਆਨੀ ਸਨ ਜਿਸ ਕਰਕੇ ਕਿਤੇ ਕਿਤੇ ਇਹ ਦੋ ਗਿਆਨੀਆਂ ਵਿੱਚ ਸੰਵਾਦ ਦਾ ਰੂਪ ਲੈ ਲੈਂਦਾ ਹੈ। ਇਸ ਸੰਸਕਰਣ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਵੱਲੋਂ ਦਿੱਤੀ ਗਈ ਟਿੱਪਣੀ ਨਾਂਹ ਦੇ ਬਰਾਬਰ ਹੈ ਅਤੇ ਸ਼ਲੋਕਾਂ ਦੀ ਵਿਆਖਿਆ ਗੁਰਬਾਣੀ ’ਚੋਂ ਲਏ ਗਏ ਸ਼ਬਦ ਰਤਨਾਂ ਰਾਹੀਂ ਕੀਤੀ ਗਈ ਹੈ। ਇਸ ਗ੍ਰੰਥ ਦੇ ਸ਼ਲੋਕ ਤਾਂ ਕੇਵਲ 300 ਹਨ ਪਰ ਹਰ ਸ਼ਲੋਕ ਦੀ ਵਿਆਖਿਆ ਲਈ ਉਸ ਦਾ ਸਮਾਨ ਅਰਥੀ ਸ਼ਬਦ ਲੱਭਣ ਲਈ ਗੁਰਬਾਣੀ ਸਾਗਰ ਵਿੱਚ ਕਈ ਕਈ ਟੁੱਭੀਆਂ ਮਾਰਨ ਦੀ ਲੋੜ ਪਈ ਹੈ ਜਿਸ ਕਰਕੇ ਇਹ ਗ੍ਰੰਥ ਨਾ ਕੇਵਲ ਅਸ਼ਟਾਵਾਕ੍ਰ ਜੀ ਦੁਆਰਾ ਦਿੱਤੇ ਗਏ ਗਿਆਨ ਨੂੰ ਸਰਲ ਕਰਕੇ ਸਮਝਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ, ਇਹ ਸਾਡੇ ਗੁਰੂ ਸਾਹਿਬਾਨ ਅਤੇ ਭਗਤਾਂ ਦੁਆਰਾ ਉਚਾਰੇ ਗਏ ਕੁਝ ਗਿਆਨ ਦੇ ਸ਼ਬਦ-ਰਤਨਾਂ ਦਾ ਸੰਗ੍ਰਹਿ ਵੀ ਹੈ ਜਿਸ ਕਰਕੇ ਗਿਆਨ ਦੇ ਚਾਹਵਾਨ ਅਤੇ ਗੁਰਬਾਣੀ ਪ੍ਰੇਮੀ ਇਸ ਨੂੰ ਪਸੰਦ ਕਰਨਗੇ ਅਤੇ ਇਸ ਤੋਂ ਲਾਭ ਲੈਣਗੇ।