ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, 'ਲੋਕ ਨਾਇਕ' ਦਾ ਰੁਤਬਾ ਹਾਸਲ ਕੀਤਾ ਹੋਇਆ ਹੈ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਉਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਪ੍ਰਚਲਿਤ ਹੋ ਗਈਆਂ ਸਨ । ਲੋਕ-ਕਥਾਵਾਂ ਦੇ ਨਾਇਕ ਪ੍ਰਤੀ ਲੋਕਾਂ ਦੇ ਹਿਰਦਿਆਂ ਅੰਦਰ ਸ਼ਰਧਾ ਤੇ ਪ੍ਰਸੰਸਾ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ ਅਤੇ ਇਸ ਵਿੱਚੋਂ ਬਹੁਤ ਸਾਰੀਆਂ ਮਿੱਥਾਂ ਦਾ ਜਨਮ ਹੋਣਾ ਸੁਭਾਵਿਕ ਅਮਲ ਹੈ, ਤੇ ਇਹ ਮਿੱਥਾਂ ਸਮਾਂ ਪਾ ਕੇ ਅਸਲੀਅਤ ਨੂੰ ਢੱਕ ਲੈਂਦੀਆਂ ਹਨ । ਪਰ ਇਸ ਮਾਮਲੇ ਵਿਚ ਇਹ ਬਚਾਅ ਹੋ ਗਿਐ ਕਿ ਉਸ ਦੇ ਸਾਥੀ ਇਨਕਲਾਬੀਆਂ ਵੱਲੋਂ, ਉਸ ਦੀ ਸ਼ਹੀਦੀ ਤੋਂ ਬਾਅਦ ਉਸ ਬਾਰੇ ਲਿਖੀਆਂ ਲਿਖਤਾਂ ਚੋਖੀ ਮਾਤਰਾ ਵਿਚ ਮੌਜੂਦ ਹਨ । ਥੋੜ੍ਹੀ ਜਿਹੀ ਖੇਚਲ ਕਰ ਕੇ, ਉਨ੍ਹਾਂ ਲਿਖਤਾਂ ਵਿੱਚੋਂ ਅਸਲੀ ਭਗਤ ਸਿੰਘ ਦੇ ਨਕਸ਼ ਉਘੜ ਆਉਂਦੇ ਹਨ। ਇਸ ਪੁਸਤਕ ਦਾ ਮਕਸਦ ਪਾਠਕਾਂ ਨੂੰ ਇਨ੍ਹਾਂ ਲਿਖਤਾਂ ਤੋਂ ਜਾਣੂੰ ਕਰਾਉਣਾ ਹੈ। ਭਗਤ ਸਿੰਘ ਦੇ ਅਜੋਕੇ ਸ਼ਰਧਾਲੂਆਂ ਦੇ ਮੁਕਾਬਲੇ ਉਸ ਦੇ ਸਮਕਾਲੀ ਸਾਥੀਆਂ ਦੇ ਉਸ ਬਾਰੇ ਵਿਚਾਰ ਨਿਸਚੇ ਹੀ ਵਧੇਰੇ ਪ੍ਰਮਾਣਿਕ ਹਨ ਅਤੇ ਭਗਤ ਸਿੰਘ ਨੂੰ ਸਮਝਣ ਲਈ ਵਧੇਰੇ ਸਹਾਇਕ ਹੋ ਸਕਦੇ ਹਨ।