ਪੰਜਾਬ ਦੀ ਪੇਸ਼ਕਾਰੀ ਤੇ ਹਕੀਕਤ ਦਰਮਿਆਨ ਪਾੜੇ ਦੀ ਤਸਵੀਰਕਸ਼ੀ

ਪੰਜਾਬ ਦੇ ਸੱਭਿਆਚਾਰ, ਸਾਹਿਤ ਜਾਂ ਇਤਿਹਾਸਕ ਪੱਖ ਦੀ ਜਦੋਂ ਵੀ ਗੱਲ ਚਲਦੀ ਹੈ ਤਾਂ ਇਹੋ ਜਿਹਾ ਮੂੰਹ-ਮੁਹਾਂਦਰਾ ਇਹ ਸਾਨੂੰ ਦਿਖਾਉਂਦਾ ਹੈ ਹਕੀਕੀ ਰੂਪ ਇਸ ਦੇ ਉਲਟ ਹੁੰਦਾ ਹੈ ਕਿਉਂਕਿ ਪੰਜਾਬ ਦਾ ਸੱਭਿਆਚਾਰ, ਰਹਿਣ-ਸਹਿਣ ਤੇ ਭੂਗੋਲਿਕ ਸਥਿਤੀਆਂ ਬਹੁ-ਪਰਤੀ ਹਨ ਇਸ ਦੀ ਥਾਹ ਪਾਉਣੀ ਇੰਨੀ ਸੌਖੀ ਗੱਲ ਨਹੀਂ ।

ਇਸ ਬਾਰੇ ਜਾਣਨ ਲਈ ਇਸ ਦੀਆਂ ਪਰਤਾਂ ਫੋਲਣੀਆਂ ਪੈਣਗੀਆਂ ਜਿਸ ਲਈ ਇਸ ਦੇ ਵਿਹੜਿਆਂ, ਪਿੰਡਾਂ, ਖੇਤਾਂ, ਆਪਣੀ ਹੋਂਦ ਨੂੰ ਬਣਾਈ ਰੱਖਣ ਤੇ ਰੋਜ਼ੀ ਰੋਟੀ ਲਈ ਸੰਘਰਸ਼ ਕਰਦੇ ਲੋਕਾਂ ਤਕ ਪਹੁੰਚ ਕਰਨੀ ਪਵੇਗਾ ਤੇ ਇਹ ਪਹੁੰਚ ਉਹੀ ਕਰੇਗਾ । ਜਿਸ ਦੇ ਦਿਲ 'ਚ ਪੰਜਾਬ ਦੀ ਗੁੰਝਲਦਾਰ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਸਥਿਤੀ ਬਾਰੇ ਜਾਣਨ ਦੀ ਇੱਛਾ ਹੋਵੇਗੀ ।

ਅਜਿਹੀ ਹੀ ਜਗਿਆਸਾ ਪੂਰਤੀ ਲਈ 2015 ਵਿਚ ਅਮਨਦੀਪ ਸੰਧੂ ਨੇ ਪੰਜਾਬ ਬਾਰੇ ਆਪਣੇ ਸੱਖਣੇਪਣ ਨੂੰ ਭਰਨ ਲਈ ਖੋਜਬੀਣ ਦਾ ਬੀੜਾ ਚੁੱਕਿਆ । ਅਗਲੇ ਤਿੰਨ ਸਾਲ ਸੂਬੇ ਅੰਦਰ ਘੁੰਮਦਿਆਂ ਉਸ ਨੇ ਤੱਕਿਆ ਕਿ ਲੋਕ ਗਾਥਾਵਾਂ ਰਾਹੀਂ ਉਸ ਦੇ ਜ਼ਿਹਨ ਵਿਚ ਵਸੇ ਪੰਜਾਬ ਤੇ ਅਸਲ ਪੰਜਾਬ ਦਰਮਿਆਨ ਬਹੁਤ ਵੱਡਾ ਫ਼ਰਕ ਹੈ ।

ਜਦੋਂ ਅਮਨਦੀਪ ਪੰਜਾਬ ਨੂੰ ਜਾਣਨ ਲਈ ਉਨ੍ਹਾਂ ਰਾਹਾਂ 'ਤੇ ਨਿਕਲਿਆ ਜਿਨ੍ਹਾਂ ਦੀ ਉਹ ਸਾਰ ਵੀ ਨਹੀਂ ਸੀ ਜਾਣਦਾ ਤਾਂ ਉਸ ਨੂੰ ਪਹਿਲਾ ਵਾਕ ਜਿਹੜਾ ਸੁਣਨ ਨੂੰ ਮਿਲਿਆ ਉਹ ਇਹ ਸੀਜੇ ਤੂੰ ਪੰਜਾਬ ਨੂੰ ਜਾਣਨਾ ਚਾਹੁੰਦੇ ਤਾਂ ਲਾਸ਼ਾਂ ਗਿਣਨ ਲਈ ਤਿਆਰ ਹੋ ਜਾਂ ਇਹ ਸ਼ਬਦ ਉਸ ਨੂੰ ਫੋਟੋਗ੍ਰਾਫਰ ਦਾਨਿਸ਼ ਨੇ ਮੇਜ਼ ਦੀ ਦਰਾਜ 'ਚ ਹੱਥ ਮਾਰਦਿਆਂ ਕਹੇ ਸਨ । ਦਾਨਿਸ਼ ਦਾ ਅਜਿਹਾ ਕਹਿਣ ਦਾ ਮਤਲਬ ਅਮਨਦੀਪ ਨੂੰ ਉਸ ਦੇ ਮਿਸ਼ਨ ਤੋਂ ਹਟਣ ਬਾਰੇ ਨਹੀਂ ਸਗੋਂ ਜਿਨ੍ਹਾਂ ਰਾਹਾਂ ਦਾ ਉਹ ਮੁਸਾਫ਼ਰ ਬਣਨ ਜਾ ਰਿਹਾ ਸੀ, ਦੀਆਂ ਸਥਿਤੀਆਂ-ਪ੍ਰਸਥਿਤੀਆਂ ਬਾਰੇ ਅਗਾਹ ਕਰਨਾ ਸੀ ।

ਅਮਨਦੀਪ ਤਿਆਰ ਸੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤੇ ਉਹ ਤੁਰ ਪਿਆ ਪੰਜਾਬ ਦੀਆਂ ਤਹਿਆਂ ਫਰੋਲਣ ਲਈ । ਉਸ ਦੀ ਖੋਜਬੀਨ ਦੇ ਫਲਸਰੂਪ ਵੱਡਅਕਾਰੀ ਪੁਸਤਕਪੰਜਾਥ ਹੋਂਦ ਵਿਚ ਆਈ ਜਿਸ ਦੀ ਭਾਸ਼ਾ ਅੰਗਰੇਜ਼ੀ ਸੀ । ਇਸ ਪੁਸਤਕ ਨੂੰ ਪੰਜਾਬ ਦੇ ਆਮ ਲੋਕਾਂ ਦੀ ਬੋਲੀ ਵਿਚ ਬਦਲਿਆ, ਭਾਵ ਇਸ ਨੂੰ ਅਨੁਵਾਦ ਕੀਤਾ ਹੈ ਪੰਜਾਬੀ ਭਾਸ਼ਾ ਦੀਆਂ ਬਹੁਤ ਹੀ ਸੁਲਝੀਆਂ ਦੋ ਸ਼ਖ਼ਸੀਅਤਾਂ ਯਾਦਵਿੰਦਰ ਸਿੰਘ ਤੇ ਮੰਗਤ ਰਾਮ ਨੇ । ਮਾਤ ਭਾਸ਼ਾ ਵਿਚ ਇਸ ਦਾ ਟਾਈਟਲ ਰੂਪਾਂਤਰਣ ਹੋ ਕੇ ਪੰਜਾਬ-ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਸਾਹਮਣੇ ਆਇਆ ।

ਪੰਜਾਥ ਤੇ ਪੰਜਾਬੀਆਂ ਦੇ ਯਥਾਰਥਕ ਬਿਰਤਾਂਤ ਦੀ ਪੇਸ਼ਕਾਰੀ ਕਰਦੀ ਹੱਥਲੀ ਪੁਸਤਕ ਨੂੰ ਸੋਲਾਂ ਅਧਿਆਇਆਂ ਸੱਟ, ਬੇਰੁਖੀ, ਗੈਸ, ਰੋਗ, ਆਸਥਾ, ਮਰਦਾਨਗੀ, ਦਵਾ, ਪਾਣੀ, ਜ਼ਮੀਨ, ਕਰਜ਼, ਜਾਤ, ਪਤਿਤ, ਬਾਰਡਰ, ਸਿੱਖਿਆ, ਲਾਸ਼ਾਂ, ਜਨਮ ਦਿਨ ਵਿਚ ਪ੍ਰਸਤੁਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਤਿਕਾ ਤੇ ਇਕ ਹੋਰ ਅਧਿਆਇ ਐਲਾਨ ਸ਼ਾਮਲ ਕੀਤਾ ਗਿਆ ਹੈ ।

ਚਾਰ ਸੌ ਚਰੱਨਵੇ ਪੰਨਿਆਂ ਦੀ ਇਸ ਕਿਰਤ ਨੂੰਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ ਤੇ ਇਸ ਦੀ ਕੀਮਤ 750/- ਰੁਪਏ ਰੱਖੀ ਗਈ ਹੈ । ਜਿਸ ਤਰ੍ਹਾਂ ਪੰਜਾਬੀ ਦਾ ਅਖਾਣ ਹੈਘਰ ਦੇ ਭਾਗ ਡਿਓੜੀ ਤੋਂ ਹੀ ਦਿਸ ਪੈਂਦੇ ਹਨ ਇਸ ਤਰ੍ਹਾਂ ਹੀ ਇਹ ਅਖਾਣ ਹੱਥਲੀ ਪੁਸਤਕ ਦੇ ਅਧਿਆਇਆਂ 'ਤੇ ਵੀ ਸੌ ਫੀਸਦੀ ਢੁਕਦੀ ਹੈ । ਪੁਸਤਕ ਦੇ ਆਧਿਆਇ ਦਾ ਟਾਈਟਲ ਖ਼ੁਦ ਬੋਲਦਾ ਹੈ ਕਿ ਇਸ ਦਾ ਵਿਸ਼ਾ ਵਸਤੂ ਜਾਂ ਕਥਾਨਿਕ ਬਿਰਤਾਂਤ ਕੀ ਹੈ । ਇਹ ਲੇਖਕ ਜਾਂ ਅਨੁਵਾਦਕਾਂ ਦੀ ਕਿਰਤ ਦਾ ਅਮੀਰੀ ਗੁਣ ਹੈ ।

ਪੁਸਤਕ ਨੂੰ ਜੇ ਵਿਆਕਰਨ ਰੂਪ ਤੋਂ ਦੇਖੀਏ ਤਾਂ ਇਸ ਦੀ ਭਾਸ਼ਾ ਆਂਚਲਿਕ ਹੈ । ਲੇਖਕ ਜਿਸ ਵੀ ਖੇਤਰ ਵਿਚ ਗਿਆ ਉਥੋਂ ਦੇ ਲੋਕਾਂ ਦੀ ਬੋਲਚਾਲ ਦੀ ਬੋਲੀ ਨੂੰ ਹੀ ਅਪਣਾਇਆ । ਇਹ ਵੀ ਪੁਸਤਕ ਦੀ ਉਪਲੱਬਧੀ ਹੈ । ਵਾਕ ਬਣਤਰ, ਵਾਰਤਾਲਾਪ, ਦ੍ਰਿਸ਼ਟਾਂਤ ਪੁਸਤਕ ਨੂੰ ਰੋਚਕ ਬਣਾਉਂਦੇ ਹਨ ।

ਕਈ ਵਾਰ ਅਨੁਵਾਦਿਤ ਪੁਸਤਕਾਂ ਅਕਾਊ ਜਾਪਦੀਆਂ ਹਨ ਪਰ ਹੱਥਲੀ ਪੁਸਤਕ ਦੇ ਸੰਦਰਭ ਵਿਚ ਇਹ ਗੱਲ ਉਲਟੀ ਜਾਪਦੀ ਹੈ । ਅਜਿਹਾ ਸ਼ਾਇਦ ਇਸ ਲਈ ਵੀ ਹੋ ਸਕਦਾ ਹੈ ਕਿ ਪੁਸਤਕ ਦਾ ਆਪਣੇ ਅਸਲੀ ਰੂਪ ਵਿਚ ਪਾਠਕਾਂ ਦੇ ਹੱਥਾਂ ਵਿਚ ਆਈ ਹੈ । ਕਿਉਂਕਿ ਪੁਸਤਕ ਦਾ ਬੀਜ ਰੂਪ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੈ । ਅਮਨਦੀਪ ਨੇ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਪੰਜਾਬੀ ਵਿਚ ਗੱਲ ਕੀਤੀ, ਪੰਜਾਬ ਨੂੰ ਪੰਜਾਬੀ ਵਿਚ ਜਾਣਿਆ ਤੇ ਫਿਰ ਉਸ ਦਾ ਉਲੱਥਾ ਅੰਗਰੇਜ਼ੀ ਵਿਚ ਕੀਤਾ ਸੋ ਪੁਸਤਕ ਦਾ ਪਹਿਲਾ ਅਨੁਵਾਦ ਤਾਂ ਅਮਨਦੀਪ ਨੇ ਹੀ ਕੀਤਾ ।

ਯਾਦਵਿੰਦਰ ਤੇ ਮੰਗਤ ਰਾਮ ਨੇ ਇਸ ਨੂੰ ਮੁੜ ਇਸ ਦਾ ਮੂਲ ਰੂਪ ਦਿੱਤਾ ਹੈ । ਇਸ ਲਈ ਪੁਸਤਕ ਵਿਚ ਅੰਗਰੇਜ਼ੀ ਤੋਂ ਅਨੁਵਾਦ ਹੋਣਾ ਕਿਤੇ ਵੀ ਨਹੀਂ ਭਾਸਦਾ । ਦੇਖੋ ਉਸ ਦੀ ਭਾਸ਼ਾ ਪਕੜ ਤੇ ਬੇਬਾਕ ਬਿਆਨ ਦਾ ਨਮੂਨਾ:

ਜਾਤ ਦਾ ਸਬੰਧ ਸਟੇਟ ਦੀ ਸਿਆਸਤ ਤੇ ਆਰਥਿਕਤਾ ਨਾਲ ਵੀ ਜੁੜਿਆ ਹੈ । ਮੈਂ ਪੰਜਾਬ ਦਾ ਜੰਮਿਆ-ਪਲਿਆ ਨਹੀਂ । ਏਦਾਂ ਦੀ ਗੱਲ ਨਹੀਂ ਕਿ ਮੈਨੂੰ ਜਾਤ-ਪਾਤ ਦਾ ਪਤਾ ਨਹੀਂ, ਪਰ ਮੇਰੇ ਅੰਦਰ ਇਹ ਸਵਾਲ ਅਕਸਰ ਖੌਰੂ ਪਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਕਰਦੇ ਸਿੱਖ, ਜਾਤ-ਪਾਤ ਨੂੰ ਕਿਵੇਂ ਮੰਨ ਸਕਦੇ ਹਨ? ਇਸ ਤਰ੍ਹਾਂ ਤਾਂ ਲੱਗਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ ਮੰਨਦੇ? ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰੀ ਦੇ ਸਮਾਜ ਦਾ ਤਸੱਵਰ ਮਿਲਦਾ ਹੈ, ਪਰ ਸਮਾਜ ਵਿਚ ਜਿਸ ਤਰ੍ਹਾਂ ਦੀ ਬਰਾਬਰੀ ਹੋਣੀ ਚਾਹੀਦੀ ਹੈ, ਉਹ ਪੰਜਾਬ ਵਿਚ ਦਿਖਾਈ ਨਹੀਂ ਦਿੰਦੀ । ਅੰਦਰਖਾਤੇ ਲੋਕ ਜਾਤ-ਪਾਤ ਨੂੰ ਸਵੀਕਾਰ ਕਰੀ ਬੈਠੇ ਹਨ ।

ਲਾਸ਼ਾਂ ਗਿਣਨ ਲਈ ਤਿਆਰ ਹੋ ਜਾ, ਮੈਨੂੰ ਸਤਪਾਲ ਦਾਨਿਸ਼ ਦਾ ਕਿਹਾ ਚੇਤੇ ਆਇਆ । ਪੰਜਾਬ ਦੇ ਸਫ਼ਰ ਦੌਰਾਨ ਲੋਕਾਂ ਨਾਲ ਕੀਤੀਆਂ ਗੱਲਾਂ ਤੇ ਖ਼ਬਰਾਂ ਚ ਥਾਂ-ਥਾਂ 'ਤੇ ਲਾਸ਼ਾਂ ਮੌਜੂਦ ਸਨ । ਸਾਰੇ ਦੇਸ਼ ਵਿਚ ਹਥਿਆਰਾਂ ਦੇ ਜਿੰਨੇ ਲਾਇਸੈਂਸ ਹਨ, ਉਨ੍ਹਾਂ ਦਾ ਪੰਜਵਾਂ ਹਿੱਸਾ ਇਕੱਲੇ ਪੰਜਾਬ ਵਿਚ ਹੈ ।

ਏਥੇ ਗੱਲ-ਗੱਲ 'ਚ ਬੰਦੂਕ ਦਾ ਜ਼ਿਕਰ ਹੋਣ ਲੱਗਦਾ ਹੈ । ਮੈਂ ਜਿਨ੍ਹਾਂ ਨੂੰ ਵੀ ਮਿਲਿਆ, ਉਨ੍ਹਾਂ ਵਿੱਚੋਂ ਕਈਆਂ ਦੀ ਡੱਬ ਵਿੱਚੋਂ ਪਿਸਤੌਲ ਝਾਕ ਰਹੀ ਹੁੰਦੀ । ਮੇਰਾ ਧਿਆਨ ਹਥਿਆਰ ਵੱਲਜਾਂਦਿਆਂ ਹੀ ਉਹ ਬੰਦਾ ਟੇਢਾ ਜਿਹਾ ਮੁਸਕਰਾਉਂਦਾ ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੱਟਾਂ ਨੇ ਦਲਿਤਾਂ ਨੂੰ ਕੁੱਟਿਆ ਤੇ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ । ਉਨ੍ਹਾਂ ਨੇ ਘਰਾਂ ਦੀਆਂ ਖਿੜਕੀਆਂ, ਘਰੇਲੂ ਸੰਦ-ਸੰਦੇੜਾ, ਪਾਣੀ ਦੀਆਂ ਪਾਈਪਾਂ ਤੇ ਇੱਥੋਂ ਤਕ ਕਿ ਪਸ਼ੂਆਂ ਦੇ ਵੀ ਸੱਟਾਂ ਮਾਰੀਆਂ । ਜੱਟਾਂ ਨੇ ਦਲਿਤ ਔਰਤਾਂ ਨਾਲ ਛੇੜ-ਛਾੜ ਕੀਤੀ ਤੇ ਉਨ੍ਹਾਂ ਨੂੰ ਕੁੱਟਿਆ 40 ਦੇ ਕਰੀਬ ਦਲਿਤ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਨੈ ਦੇ ਸਿਰਾਂ 'ਚ ਸੱਟਾਂ ਸਨ।ਇਕ ਦੀ ਬਾਂਹ ਟੁੱਟੀ ਸੀ ਤੇ ਇਕ ਹੋਰ ਦਾ ਜਥਾੜਾ ਹਿੱਲ ਗਿਆ ਸੀ । ਏਥੇ ਹੀ ਬਸ ਨਹੀਂ । ਦਲਿਤਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ । ਜੱਟਾਂ ਨੇ ਉਨ੍ਹਾਂ ਤੋਂ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ । ਉਨ੍ਹਾਂ ਨੂੰ ਪਸ਼ੂਆਂ ਲਈ ਚਾਰਾ ਲਿਆਉਣ ਤੋਂ ਵਰਜ ਦਿੱਤਾ । ਡਾਕਟਰਾਂ ਨੂੰ ਦਲਿਤਾਂ ਦਾ ਇਲਾਜ ਕਰਨੋਂ ਵੀ ਰੋਕ ਦਿੱਤਾ ।

ਪੁਸਤਕ ਦੇ ਬਿਰਤਾਂਤ ਨੂੰ ਲਗਾਤਾਰ ਪੜ੍ਹੋ ਤਾਂ ਨਾਵਲ ਜਾਪਦਾ ਹੈ । ਅਧਿਆਇਆਂ ਵਿਚ ਵੱਡੀਆਂ ਯਥਾਰਥਕ ਕਹਾਣੀਆਂ ਇਤਿਹਾਸ ਦੇ ਖੋਜਾਰਥੀ ਇਸ ਦਾ ਇਤਿਹਾਸਕ ਪੁਸਤਕ ਵਜੋਂ ਲਾਹਾ ਲੈ ਸਕਦੇ ਹਨ ।

ਅਮਨਦੀਪ ਦੀ ਹੱਥਲੀ ਪੁਸਤਕ ਦੇ ਮਹੱਤਵ ਨੂੰ ਜਾਣਨ ਲਈ ਪੁਸਤਕ ਬਾਰੇ ਵਿਦਵਾਨਾਂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਸਾਹਿਤ ਦੇ ਨਾਲ-ਨਾਲ ਇਤਿਹਾਸ ਵਿਚ ਵੀ ਮੀਲ ਦਾ ਪੱਥਰ ਸਾਬਤ ਹੋਵੇਗੀ । ਦੇਖੋ ਵਿਦਵਾਨਾਂ ਦੇ ਵਿਚਾਰ:

ਸੂਬੇ ਦੇ ਭੂਗੋਲਿਕ ਚੌਗਿਰਦੇ, ਇਸ ਦੀਆਂ ਮਿੱਥਾਂ, ਰਵਾਇਤਾਂ ਤੇ ਲੋਕ ਗੀਤਾਂ ਬਾਰੇ ਨਾਯਾਬ ਬਿਓਰਾ ਪੇਸ਼ ਕਰਦਿਆਂ ਇਹ ਕਿਤਾਬ ਪੰਜਾਬ ਦੀ ਜੱਕੋ-ਤੱਕੀ ਨੂੰ ਸਮਝਣ ਦਾ ਸਬੱਬ ਬਣਦੀ ਹੈ ।

ਇਤਿਹਾਸਕ ਬਿਰਤਾਂਤ ਤੇ ਸਮਕਾਲੀ ਵਰਤਾਰਿਆਂ ਦੀ ਗੰਢ-ਤੁੱਪ ਸਾਨੂੰ ਸੰਕਟਗ੍ਰਸਤ ਸੁਥੇ ਬਾਰੇ ਗਹਿਰੀ ਸਮਝ ਮੁਹੱਈਆ ਕਰਵਾਉਂਦੀ ਹੈ: ਦ ਹਿੰਦੂ

ਪੰਜਾਬ ਦੀ ਸਭ ਤੋਂ ਵੱਡੀ ਵਿਡੰਬਣਾ ਹੈ ਕਿ ਇਸ ਦੀ ਛਾਪ ਇਸ ਦੀਆਂ ਪੈੜਾਂ ਤੋਂ ਵਡੇਰੀ ਹੈ । ਲੇਖਕ ਨੇ ਬਿਨਾਂ ਕਿਸੇ ਦਾ ਪੱਖ ਪੂਰਿਆਂ ਛਾਣ-ਬੀਣ ਕੀਤੀ ਹੈ ਕਿ ਕਿਵੇਂ ਨਵ-ਉਦਾਰਵਾਦੀ ਨੀਤੀਆਂ ਨੇ ਇਸ ਖੇਤੀ ਪ੍ਰਧਾਨ ਸੂਬੇ ਨੂੰ ਖੱਖਰ-ਤੱਖਰ ਕਰ ਦਿੱਤਾ ਹੈ: ਦ ਟ੍ਰਿਬਿਊਨ

ਸਾਹਿਤਕ ਪੱਤਰਕਾਰੀ ਦੀ ਰੂਪ-ਵਿਧਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਇਸ ਪੁਸਤਕ ਦਾ ਬਿਰਤਾਂਤ ਇਤਿਹਾਸਕ ਤੱਥਾਂ 'ਚੋਂ ਨਿਕਲੇ, ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਅਤੇ ਕੀਤੀਆਂ ਯਾਤਰਾਵਾਂ 'ਚੋਂ ਕਸੀਦੇ ਅਨੁਭਵਾਂ ਨਾਲ ਘੁਲ-ਮਿਲ ਕੇ ਪੰਜਾਬ ਨਾਲ ਸਬੰਧਿਤ ਜ਼ਮੀਨੀ ਹਕੀਕਤ ਤੇ ਯਥਾਰਥ ਨੂੰ ਉਘਾੜਦਾ ਹੈ । ਮਨਮੋਹਨ (ਪੰਜਾਬੀ ਕਵੀ ਤੇ ਚਿੰਤਕ) .

ਗੱਲ ਕੀ, ਅਮਨਦੀਪ ਨੇ ਜਿਹੜਾ ਵੀ ਵਿਸ਼ਾ ਲਿਆ ਉਸ 'ਤੇ ਪੂਰੀ ਇਮਾਨਦਾਰੀ, ਸਿਰੜ ਤੇ ਸਿਦਕ ਨਾਲ ਉਸਨੂੰ ਨਿਭਾਇਆ ਹੈ ਤੇ ਬੇਬਾਕ ਹੋ ਕੇ ਲਿਖਿਆ ਹੈ । ਉਹ ਕਿਤੇ ਵੀ ਪੱਖਪਾਤੀ ਨਹੀਂ ਹੁੰਦਾ ਬੇਸ਼ੱਕ ਉਹ ਗੱਲ 84 ਦੀ ਕਰੋ ਜਾਂ ਦਲਿਤਾਂ 'ਤੇ ਉਚ ਜਾਤੀ ਵਲੋਂ ਕੀਤੇ ਅੱਤਿਆਚਾਰ ਦੀ ਗੱਲ ਕਰਦਾ ਹੋਵੇ । ਉਹ ਘੱਟ ਜ਼ਮੀਨੇ ਕਿਸਾਨਾਂ ਦੀ ਗੱਲ ਕਰਨ ਲੱਗਿਆਂ ਆਰਥਿਕ ਤੰਗੀ ਜਾਂ ਥੋੜੀ ਜ਼ਮੀਨ ਕਾਰਨ ਪਰਿਵਾਰਾਂ ਦੀ ਨਿੱਜੀ ਸਾਂਝ ਜਾਂ ਵਰਜਿਤ ਰਿਸ਼ਤਿਆਂ ਦੀ ਵੀਵਿਆਖਿਆ ਕਰ ਦਿੰਦਾ ਹੈ।

 

Order Online -: https://www.singhbrothers.com/en/punjab-jinhan-rahan-di-main-saar-na-janan

 

From - Punjabi Jagran Newspaper

By - Jasvinder Duhda

Dated - 02.10.2022

Leave your comment