Blog posts tagged with 'Balwant Singh Dhillon'
ਸਿੱਖ ਇਤਿਹਾਸ ਦੀ ਫਾਰਸੀ ਇਤਿਹਾਸਕਾਰੀ

ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਹੱਤਵਪੂਰਨ ਖੋਜ ਕਾਰਜ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਖੋਜ ਵਿਭਾਗ ਹੀ ਯੂਨੀਵਰਸਿਟੀਆਂ ਦੀ ‘ਰੀੜ੍ਹ ਦੀ ਹੱਡੀ’ ਹੁੰਦੇ ਹਨ । ਬੇਸ਼ੱਕ ਡਾ. ਗੰਡਾ ਸਿੰਘ ਨੇ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ-ਵਿਭਾਗ ਵਿਚ ਕੰਮ ਕਰਦਿਆਂ ਫਾਰਸੀ ਗ੍ਰੰਥਾਂ ਦੀ ਵਿਵਰਣਾਤਮਿਕ ਪੁਸਤਕ-ਸੂਚੀ ਤਿਆਰ ਕਰ ਦਿੱਤੀ ਸੀ 

 

Sikh Itihas Di Farsi Itihaskari by Dr. Balwant SIngh Dhillon

 

ਅਤੇ ਆਪਣੀਆਂ ਪੁਸਤਕਾਂ ਵਿਚ ਬਹੁਤ ਸਾਰੇ ਫਾਰਸੀ ਸਰੋਤਾਂ ਦਾ ਪ੍ਰਯੋਗ ਵੀ ਕੀਤਾ ਸੀ ਪ੍ਰੰਤੂ ਇਸ ਸੋਮੇ ਬਾਰੇ ਸੁਤੰਤਰ ਤੇ ਇਕ ਵੱਖਰੀ ਪੁਸਤਕ ਪ੍ਰਕਾਸ਼ਿਤ ਕਰ ਕੇ ਡਾ. ਢਿੱਲੋਂ ਨੇ ਪੰਜਾਬ ਦੇ ਇਤਿਹਾਸ ਉੱਪਰ ਨਵੀਂ ਰੋਸ਼ਨੀ ਪਾਈ ਹੈ । ਵਿਦਵਾਨ ਲੇਖਕ ਨੇ ਆਪਣੇ ਅਧਿਐਨ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲੇ ਭਾਗ ਵਿਚ ਗੁਰ-ਇਤਿਹਾਸ ਨਾਲ ਸੰਬੰਧਿਤ ਉਨ੍ਹਾਂ ਫਾਰਸੀ ਲੇਖਕਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਸਿੱਖ-ਇਤਿਹਾਸ ਦੇ ਵਿਸ਼ੇ ਨੂੰ ਛੋਹਿਆ ਹੈ । ਦੂਜੇ ਭਾਗ ਵਿਚ ਉਨ੍ਹਾਂ ਫਾਰਸੀ ਪੁਸਤਕਾਂ ਦਾ ਵਿਸ਼ਲੇਸ਼ਣ ਹੈ ਜੋ ਸਿੱਖ ਇਤਿਹਾਸ ਬਾਰੇ ਮੁੱਲਵਾਨ ਟਿੱਪਣੀਆਂ ਕਰਦੀਆਂ ਹਨ । ਅਜਿਹੀਆਂ ਪੁਸਤਕਾਂ ਵਿਚ ‘ਅਕਬਰਨਾਮਾ’ (ਅਬੁਲ ਫ਼ਜਲ), ‘ਤੁਜ਼ਕ-ਏ-ਜਹਾਂਗੀਰੀ’ (ਜਹਾਂਗੀਰ), ‘ਦਬਿਸਤਾਨ-ਏ-ਮਜ਼ਾਹਿਬ’ (ਮੁਬਿਦ ਸ਼ਾਹ), ‘ਖੁਲਾਸਤੁਤ ਤਵਾਰੀਖ’ (ਸੁਜਾਨ ਰਾਇ ਭੰਡਾਰੀ), ‘ਇਬਰਤਨਾਮਾ’ (ਮਿਰਜ਼ਾ ਮੁਹੰਮਦ ਹਾਰਿਸੀ), ‘ਮੁੰਤਖ਼ਬ-ਲ-ਲੁਬਾਬ’ (ਖਾਫੀ ਖਾਨ), ਚਹਾਰ ਗੁਲਸ਼ਨ (ਰਾਇ ਚਤੁਰਮਨ) ਅਤੇ ਸੀਯਰ-ਉਲ-ਮੁਤਾਖਿਰੀਨ (ਗੁਲਾਮ ਹੁਸੇਨ ਖ਼ਾਨ) ਵਰਗੀਆਂ 25-26 ਸਰੋਤ ਪੁਸਤਕਾਂ ਦਾ ਸਰਬਾਂਗੀ ਅਧਿਐਨ ਕੀਤਾ ਗਿਆ ਹੈ । ਫਾਰਸੀ ਭਾਸ਼ਾ ਦੇ ਗਿਆਨ ਵਾਸਤੇ ਡਾ. ਢਿੱਲੋਂ ਨੇ ਡਾ. ਅਮਰਵੰਤ ਸਿੰਘ ਦੀ ਸਹਾਇਤਾ ਲਈ ਹੈ, ਜਿਸ ਦਾ ਉਸ ਨੇ ਸਾਭਾਰ ਉਲੇਖ ਕੀਤਾ ਹੈ । ਡਾ. ਅਮਰਵੰਤ ਸਿੰਘ ਨੇ ਗੁਰੂ ਨਾਨਕ ਦੇਵ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ । ਹਥਲੀ ਪੁਸਤਕ ਵੀ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਨੇਪਰੇ ਚੜ੍ਹੀ ਹੈ । 

 

Order Online -: https://www.singhbrothers.com/en/sikh-itihas-di-farsi-itihaskari

 

From - Ajit Newspaper

By - Brahmjagdish Singh

Dated - 06.11.2022

ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ

ਡਾ. ਬਲਵੰਤ ਸਿੰਘ ਢਿਲੋਂ ਨੇ ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ ਪੁਸਤਕ ਨੂੰ ਪੰਦਰਾਂ ਭਾਗਾਂ ਵਿਚ ਵੰਡਿਆ ਹੈ

 

Guru Tegh Bahadur : Virsa Te Virasat by Dr. Balwant SIngh Dhillon

 

ਪਹਿਲੇ ਭਾਗ ਵਿਚ ਗੁਰੂਨਾਨਕ ਦੇਵ ਜੀ ਦੀ ਰੂਹਾਨੀ ਅਨੁਭਵ ਤੇਵਿਰਾਸਤ, ਦੂਜੇ ਭਾਗ ਵਿਚ ਮੁੱਢਲਾ ਸਿੱਖ ਪੰਥਸਹਿਹੋਂਦ ਤੋਂ ਸ਼ਹਾਦਤ ਅਤੇ ਗੁਰੂ ਅੰਗਦ ਦੇਵ ਜੀਤੋਂ ਗੁਰੂ ਅਰਜਨ ਦੇਵ ਜੀ ਤੱਕ, ਤੀਜੇ ਅਧਿਆਏ ਵਿਚ ਮੀਰੀ ਤੇ ਸਿੱਖ ਸੈਨਿਕ ਸੰਗਠਨ ਇਸ ਨੂੰ ਅੱਗੇ 6 ਹਿੱਸਿਆਂ ਵਿਚ ਵੰਡਿਆ ਹੈ ਜਿਵੇਂ ਮੀਰੀ-ਪੀਰੀ ਦਾ ਉਦੇਸ਼, ਗਵਾਲੀਅਰ ਵਿਚ ਨਜ਼ਰਬੰਦੀ, ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਦਾ ਸਮਾਂ, ਮੁਗਲਾਂ ਨਾਲ ਸੈਨਿਕ ਸੰਘਰਸ਼, ਕੀਰਤਪੁਰ ਦਾ ਨਵਾਂ ਸਿੱਖ ਕੇਂਦਰ ਅਤੇ ਮੁਗ਼ਲ ਬਾਦਸ਼ਾਹ ਦੁਆਰਾ ਧੀਰਮੱਲ ਦੀ ਸਰਪ੍ਰਸਤੀ। ਚੌਥੇ ਭਾਗ ਵਿਚ ਗੁਰੂ ਤੇਗ ਬਹਾਦਰ ਸਮਕਾਲੀਨ ਪ੍ਰਸਥਿਤੀਆਂ, ਪੰਜਵੇਂ ਵਿਚ ਸਿੱਖ ਧਰਮ ਪ੍ਰਚਾਰ, ਪਾਸਾਰ ਤੇ ਸੰਗਠਨ, ਛੇਵੇਂ ਭਾਗ ਵਿਚ ਔਰੰਗਜ਼ੇਬ ਦਾ ਸਿੱਖ ਪੰਥ ਬਾਰੇ ਨਜ਼ਰੀਆ ਅਤੇ ਔਰੰਗਜ਼ੇਬ ਦਾ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ਵਿਹਾਰ, ਸੱਤਵੇਂ ਵਿਚ ਗੁਰੂ ਤੇਗ ਬਹਾਦਰ ਜੀ ਦਾ ਮੁਢਲਾ ਜੀਵਨ ਤੇ ਗੱਦੀ ਨਸ਼ੀਨੀ, ਠਵਾਂ-ਪੂਰਬੀ ਭਾਰਤ ਦੀ ਯਾਤਰਾ ਵਿਚ ਮਾਖੋਵਾਲ ਤੋਂ ਮਾਲਵਾ ਵਿਚ ਧਮਤਾਨ, ਧਮਤਾਨ ਤੋਂ ਪਹਿਲੀ ਗ੍ਰਿਫਤਾਰੀ, ਦਿੱਲੀ ਤੋਂ ਪਟਨਾਂ । ਨੋਵੇਂ ਅਧਿਆਏਵਿਚ ਪਟਨਾ ਤੋਂ ਢਾਕਾ-ਆਸਾਮ, ਢਾਕਾ ਤੋਂਚਿੱਟਾਗੋਂਗ ਅਤੇ ਵਾਪਸੀ, ਰਾਜਾਰਾਮ ਸਿੰਘ ਨਾਲ ਆਸਾਮ ਵਿਚ, ਦਸਵੇਂ ਭਾਗ ਵਿਚ ਪਟਨਾ ਤੋਂਪੰਜਾਬ ਵਾਪਸੀ, ਦੂਜੀ ਗ੍ਰਿਫ਼ਤਾਰੀ ਤੇ ਰਿਹਾਈ ਦਾਸਬੱਬ । ਗਿਆਰਵੀਂ ਵਿਚ ਤਤਕਾਲੀ ਮਾਹੌਲ ਵਿਚਸੰਦੇਸ਼ ਦੀ ਪ੍ਰਸੰਗਕਿਤਾ । ਬਾਰ੍ਹਵੇਂ ਭਾਗ ਵਿਚਸ਼ਹੀਦੀ ਦਾ ਪ੍ਰਕਰਨ ਇਤਿਹਾਸਕਾਰਾਂ ਦੀ ਜ਼ਬਾਨੀ ਦੇ ਪ੍ਰਸੰਗ ਨੂੰ 6 ਹੋਰ ਸਬ ਸਿਰਲੇਖਾਂ ਹੇਠ ਦਰਜਕੀਤਾ ਹੈ: ਫ਼ਾਰਸੀ ਦੇ ਇਤਿਹਾਸਕਾਰਾਂ ਦੇ ਸ਼ੰਕੇ ਤੇਤੌਖਲੇ, ਗੁਰੂ ਸ਼ਖ਼ਸੀਅਤ ਨੂੰ ਕਲੰਕਤ ਕਰਨ ਦੇ ਦੋਸ਼ੀ, ਬ੍ਰਿਟਿਸ਼ ਬਸਤੀਵਾਦੀ ਇਤਿਹਾਸਕਾਰ ਗੁੰਮਰਾਹ ਜਾਂ ਮਿਲੀ-ਭੁਗਤ, ਪੰਜਾਬੀ ਮੂਲ ਦੇਇਤਿਹਾਸਕਾਰ ਤੱਥ ਤੇ ਮਿੱਥਰਲ-ਗਡ, ਸਿੱਖ ਸਰੋਤਗੁਆਚੇ ਤੱਥਾਂ ਦੀ ਭਾਲ, ਸ਼ਹੀਦੀ ਲਈ ਮਾਹੌਲਤਿਆਰ, ਅੰਤਿਕਾ, ਤੇਰਵੇਂ ਅਧਿਆਇ ਵਿਚਸ਼ਹੀਦੀ ਸਾਕਾ, 14ਵੇਂ ਭਾਗ ਵਿਚ ਗੁਰੂ ਤੇਗਬਹਾਦਰ ਜੀ ਦੀ ਸ਼ਹੀਦੀ ਪ੍ਰਭਾਵ ਅਤੇ ਅਖੀਰਲੇਪੰਦਰਵੇਂ ਅਧਿਆਇ ਵਿਚ ਗੁਰੂ ਤੇਗ ਬਹਾਦਰ ਜੀਦੀ ਸ਼ਖਸੀਅਤ ਦੇ ਵਿਭਿੰਨ ਪਹਿਲੂ ਦਰਜ ਕੀਤੇ ਗਏ ਹਨ । ਫਾਰਸੀ ਦੀਆਂ ਲਿਖਤਾਂ ਦੀ ਪੁਣ-ਛਾਣ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਭਰਮ-ਭੁਲੇਖੇ ਉਪਜਾਉਣ ਵਾਲੇ ਫਾਰਸੀ ਦੇ ਸਾਹਿਤਕਾਰਾਂ ਦੀ ਅਸਲੀਅਤ ਤੋਂ ਪਹਿਲੀ ਵਾਰਪਰਦਾ ਚੁੱਕਿਆ ਗਿਆ ਹੈ । ਲੇਖਕ ਨੇ ਗੁਰੂ ਤੇਗਬਹਾਦਰ ਜੀ ਦੇ ਸ਼ਹੀਦੀ ਦੇ ਸਾਕੇ ਅਤੇ ਇਸ ਪ੍ਰਭਾਵ ਨੂੰ ਇਤਿਹਾਸ ਦਾ ਰੁਖ ਬਦਲ ਦੇਣ ਦੀ ਹਕੀਕਤ ਨੂੰ ਵੀ ਸਾਹਮਣੇ ਲਿਆਂਦਾ ਹੈ

 

Order Online -:  https://www.singhbrothers.com/en/guru-tegh-bahadur-virsa-te-virasat

 

From - Ajit Newspaper

By - Daljit Singh Bedi

Dated - 05.11.2022

ਗ਼ੈਰ ਸਿੱਖ ਲੇਖਕਾਂ ਦੇ ਨਜ਼ਰੀਏ ਤੋਂ ਸਿੱਖ ਇਤਿਹਾਸ

 

Sikh Itihas Di Farsi Itihaskari by Dr. Balwant Singh Dhillon

Sikh Itihas Di Farsi Itihaskari By Dr. Balwant SIngh Dhillon

 

ਇਹ ਵਡਭਾਗੀ ਗੱਲ ਹੈ ਕਿ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਦੀ ਮੱਧ-ਕਾਲੀਨ ਭਾਰਤੀ ਇਤਿਹਾਸ ਦੀ ਫ਼ਾਰਸੀ ਇਤਿਹਾਸਕਾਰੀ ਨਾਲ ਚਿਰੋਕਣੀ ਜਾਣ-ਪਛਾਣ ਦਾ ਲਾਹਾ ਸਿੱਖ ਇਤਿਹਾਸ ਨੂੰ ਮਿਲਿਆ ਹੈ ਜਿਨ੍ਹਾਂ ਨੇ ਬਹੁਤ ਹੀ ਘਾਲਣਾ ਨਾਲ ‘ਸਿੱਖ ਇਤਿਹਾਸ ਦੀ ਫ਼ਾਰਸੀ ਇਤਿਹਾਸਕਾਰੀ’ ਪੁਸਤਕ ਲਿਖੀ ਹੈ ਜਿਸ ’ਚ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਫ਼ਾਰਸੀ ਇਤਿਹਾਸਕਾਰੀ ਉਪਰ ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ। ਹੱਥਲੀ ਪੁਸਤਕ ’ਚ 16ਵੀਂ ਸ਼ਤਾਬਦੀ ਦੇ ਅੰਤ ਤੋਂ ਲੈ ਕੇ 19ਵੀਂ ਸਦੀ ਦੇ ਪਹਿਲੇ ਦਹਾਕੇ ਤਕ ਫ਼ਾਰਸੀ ’ਚ ਲਿਖੇ ਇਤਿਹਾਸ ’ਚੋਂ 28 ਲੇਖਕਾਂ ਦੀਆਂ ਰਚਨਾਵਾਂ ’ਚੋਂ ਸਿੱਖ ਗੁਰੂ ਸਾਹਿਬਾਨ ਬਾਰੇ ਬਿਰਤਾਂਤ ਨਾਲ ਤੁਆਰਫ਼ ਕਰਵਾਇਆ ਗਿਆ ਹੈ। ਮੁੱਖ ਤੌਰ ’ਤੇ ਇਹ ਸਿੱਖ ਗੁਰੂਆਂ ਬਾਰੇ 18ਵੀਂ ਸ਼ਤਾਬਦੀ ਤਕ ਦੀ ਫ਼ਾਰਸੀ ਇਤਿਹਾਸਕਾਰੀ ਨੂੰ ਸੰਬੋਧਨ ਹੈ। ਇਸ ਅਧਿਐਨ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਹੈ। ਪਹਿਲੇ ਭਾਗ ’ਚ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਾਰਸੀ ਦੇ ਇਤਿਹਾਸਕਾਰ ਤੇ ਉਨ੍ਹਾਂ ਦੇ ਕੰਮ ਦੀਆਂ ਸੀਮਾਵਾਂ, ਵਿਸ਼ੇਸ਼ਤਾਵਾਂ ਨੂੰ ਢੂੰਡਿਆ-ਪਰਖਿਆ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ , ਗੁਰੂ ਹਰਗੋਬਿੰਦ ਜੀ, ਗੁਰੂ ਹਰਿ ਰਾਏ, ਗੁਰੂ ਤੇਗ ਬਹਾਦਰ ਤੇ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਤੇ ਉਦੇਸ਼ ਪ੍ਰਤੀ ਨਜ਼ਰੀਏ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਸਿੱਖ ਧਰਮ ਦੇ ਪਾਸਾਰ, ਸੰਗਠਨ ਵਿਸ਼ਵਾਸ ਤੇ ਰਵਾਇਤਾਂ ਦੀ ਪੇਸ਼ਕਾਰੀ ਦੀ ਸਮੀਖਿਆ ਕੀਤੀ ਹੈ।

ਦੂਜਾ ਭਾਗ ਫ਼ਾਰਸੀ ਦੇ ਸਰੋਤਾਂ ’ਚ ਸਿੱਖ ਗੁਰੂ ਸਾਹਿਬਾਨ ਬਾਰੇ ਪ੍ਰਾਪਤ ਬਿਰਤਾਂਤ ਤੇ ਹਵਾਲਿਆਂ ਨਾਲ ਸਬੰਧਿਤ ਹੈ। ਫ਼ਾਰਸੀ ਦੇ ਜ਼ਿਆਦਾਤਰ ਇਤਿਹਾਸਕਾਰ ਮੁਗ਼ਲ ਦਰਬਾਰ ਦੇ ਦਰਬਾਰੀ, ਵਜ਼ੀਰ, ਵਾਕਿਆ-ਨਵੀਸ, ਮੀਰ ਮੁਨਸ਼ੀ ਜਾਂ ਮੁਲਾਜ਼ਮ ਸਨ। ਇਨ੍ਹਾਂ ਨੇ ਮੁਗ਼ਲ ਬਾਦਸ਼ਾਹਾਂ ਦੀ ਰੱਜ ਦੇ ਸੋਭਾ ਕੀਤੀ ਪਰ ਕਿਸੇ ਐਬ ਦਾ ਜ਼ਿਕਰ ਨਹੀਂ ਕੀਤਾ। ਇਨ੍ਹਾਂ ਇਤਿਹਾਸਕਾਰਾਂ ਨੇ ਸਿੱਖ ਗੁਰੂ ਸਾਹਿਬਾਨ ਦਾ ਜ਼ਿਕਰ ਮੁਗ਼ਲ ਬਾਦਸ਼ਾਹਾਂ ਦਾ ਇਤਿਹਾਸ ਲਿਖਦਿਆਂ ਜਾਂ ਫਿਰ ਬੰਦਾ ਸਿੰਘ ਬਹਾਦਰ ਦੇ ਮੁਗ਼ਲਾਂ ਵਿਰੁੱਧ ਸੈਨਿਕ ਸੰਘਰਸ਼ ਦੀਆਂ ਜੜ੍ਹਾਂ ਨੂੰ ਖੋਜਣ ਦੇ ਸੰਦਰਭ ’ਚ ਕੀਤਾ ਹੈ। ਲੇਖਕ ਅਨੁਸਾਰ 28 ਇਤਿਹਾਸਕਾਰਾਂ ’ਚੋਂ 12 ਦੇ ਕਰੀਬ ਇਤਿਹਾਸਕਾਰ ਸਿੱਖ ਗੁਰੂ ਸਾਹਿਬਾਨ ਦੇ ਸਮਕਾਲੀ ਸਨ। ਇਨ੍ਹਾਂ ਇਤਿਹਾਸਕਾਰਾਂ ਦੀਆਂ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਪੰਥ ਦੀਆਂ ਰਵਾਇਤਾਂ ਤੇ ਰਸਮਾਂ ਬਾਰੇ ਟਿੱਪਣੀਆਂ ਸਿੱਖ ਪੰਥ ਦੀ ਇਤਿਹਾਸਕਾਰੀ ਦੇ ਅਗਿਆਤ, ਅਛੂਤੇ ਦਰੀਚਿਆਂ ਨੂੰ ਰੁਸ਼ਨਾਉਣ ’ਚ ਵੱਡਾ ਯੋਗਦਾਨ ਪਾ ਸਕਦੀਆਂ। ਡਾ. ਢਿੱਲੋਂ ਅਨੁਸਾਰ ਦਬਿਸਤਾਨ-ਏ-ਮਜ਼ਾਹਿਬ ਦੇ ਲੇਖਕ ਮੁਬਿਦ ਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ-ਉਦੇਸ਼ ਬਾਰੇ ਬਹੁਤ ਹੀ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ। ਬਹੁ-ਗਿਣਤੀ ਇਤਿਹਾਸਕਾਰ ਵਾਕਿਫ਼ ਸਨ ਕਿ ਗੁਰੂ ਨਾਨਕ ਸਿੱਖ ਧਰਮ ਦੇ ਸੰਸਥਾਪਕ ਸਨ ਤੇ ਗੁਰੂ ਸਾਹਿਬ ਦੀ ਪੈਦਾਇਸ਼ ਸੁਲਤਾਨ ਬਹਿਲੋਲ ਲੋਧੀ ਦੇ ਜ਼ਮਾਨੇ ਹੋਈ। ਉਹ ਇਸ ਤੱਥ ਦੇ ਵੀ ਗਵਾਹ ਸਨ ਕਿ ਗੁਰੂ ਨਾਨਕ ਨੂੰ ਦੈਵੀ-ਰਹਿਬਰ ਵਜੋਂ ਪ੍ਰਸਿੱਧੀ ਬਾਦਸ਼ਾਹ ਬਾਬਰ ਦੇ ਅਹਿਦ ’ਚ ਪ੍ਰਾਪਤ ਹੋਈ। ਮੁਬਿਧ ਸ਼ਾਹ ਨੂੰ ਇਹ ਵੀ ਸੂਹ ਸੀ ਕਿ ਗੁਰੂ ਨਾਨਕ ਖੱਤਰੀਆਂ ਦੀ ਬੇਦੀ ਜਾਤ ’ਚੋਂ ਸਨ। ਸੁਜਾਨ ਰਾਇ ਭੰਡਾਰੀ ਦਾ ਕਥਨ ਹੈ ਕਿ ਗੁਰੂ ਸਾਹਿਬ ਬਚਪਨ ਤੋਂ ਹੀ ਰੱਬੀ ਮਿਹਰ ਦੇ ਭਾਗੀ ਸਨ ਤੇ ਛੋਟੀ ਉਮਰ ’ਚ ਹੀ ਦੈਵੀ ਗਿਆਨ ਦੀ ਪ੍ਰਾਪਤੀ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ ਸਨ। ਮੁਬਿਦ ਸ਼ਾਹ ਗੁਰੂ ਨਾਨਕ ਦੁਆਰਾ ਮੋਦੀ ਖ਼ਾਨੇ ਦੀ ਨੌਕਰੀ ਤਿਆਗਣ ਉਪਰੰਤ ਕਠਿਨ ਤਪੱਸਿਆ ਤੇ ਆਪਣੀ ਖੁਰਾਕ ਘਟਾ ਕੇ ਪਵਨਹਾਰੀ ਬਣ ਜਾਣ ਦਾ ਹਵਾਲਾ ਦਿੰਦਾ ਹੈ। ਲੇਖਕ ਅਨੁਸਾਰ ਸੰਭਵ ਹੈ ਐਸੀਆਂ ਅਸੰਭਵ ਕਿਸਮ ਦੀਆਂ ਕਰਾਮਾਤੀ ਕਥਾਵਾਂ ਗੁਰੂ ਸਾਹਿਬ ਦੀ ਰੂਹਾਨੀ ਸ਼ਖ਼ਸੀਅਤ ਨੂੰ ਵਡਿਆਉਣ ਲਈ ਕੁਝ ਲੋਕਾਂ ਨੇ ਘੜ ਲਈਆਂ ਹੋਣ ਪਰ ਮੁਹੰਮਦ ਸ਼ਫ਼ੀ ਵਾਰਿਦ ਦੀ ਲਿਖਤ ਅਨੁਸਾਰ ‘‘ਗੁਰੂ ਨਾਨਕ ਨੇ ਸਖ਼ਤ ਰਿਆਜ਼ ਤੇ ਬਹੁਤੀ ਇਬਾਦਤ ਕਰਨ ਸਦਕਾ ਜਿਸਮਾਨੀ ਖਾਹਿਸ਼ਾਂ ’ਤੇ ਕੰਟਰੋਲ ਪਾ ਕੇ ਆਪਣੇ ਆਪ ਨੂੰ ਰੱਬੀ ਦਰਗਾਹ ਦੇ ਪਿਆਰਿਆਂ ਦੀ ਸ਼੍ਰੇਣੀ ’ਚ ਸ਼ਾਮਿਲ ਕਰ ਲਿਆ ਸੀ।’’ (ਮੀਰਾਤਿ ਵਰਿਦਾਤ, ਪੰਨਾ 156), ਮੁਹੰਮਦ ਸ਼ਫ਼ੀ ਇਹ ਵੀ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਇਕ ਮੁੱਦਤ ਤਕ ਦੁਨੀਆਂ ’ਤੇ ਦੁਨਿਆਵੀ ਦੀਨਾਂ ਤੋਂ ਅਲਹਿਦਾ ਹੋ ਕੇ ਰੱਬ ਦੀ ਇਬਾਦਤ ’ਚ ਰੁੱਝਿਆ ਰਿਹਾ ਤੇ ਅੰਤ ‘ਮਾਰਫ਼ਤ’ ਦਾ ਰੁਤਬਾ ਪ੍ਰਾਪਤ ਕਰ ਲਿਆ। ਲੇਖਕ ਅਨੁਸਾਰ ਸਿੱਖ ਇਤਿਹਾਸ ’ਚ ਸਿੱਖ ਗੁਰੂ ਸਾਹਿਬਾਨ ਦੇ ਮੁਗ਼ਲ ਬਾਦਸ਼ਾਹਾਂ ਵਿਚਕਾਰ ਸਬੰਧਾਂ ਤੇ ਪਰਸਪਰ ਨਜ਼ਰੀਏ ਦਾ ਵਿਸ਼ਾ ਬੜਾ ਅਹਿਮ ਸਥਾਨ ਰੱਖਦਾ ਹੈ। ਸਿੱਖ ਸਰੋਤਾਂ ਅਨੁਸਾਰ 1521 ’ਚ ਬਾਬਰ ਦੇ ਸੈਦਪੁਰ ’ਤੇ ਹਮਲੇ ਦੌਰਾਨ ਮੁਗ਼ਲ ਸੈਨਿਕਾਂ ਨੇ ਆਮ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਵੀ ਬੰਦੀ ਬਣਾ ਲਿਆ। ਬਾਅਦ ’ਚ ਬਾਦਸ਼ਾਹ ਬਾਬਰ ਨੇ ਗੁਰੂ ਸਾਹਿਬ ਦੀ ਰੂਹਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਜਨਮਸਾਖੀ ਪ੍ਰੰਪਰਾ ਅਨੁਸਾਰ ਗੁਰੂ ਬਾਰੇ ਵੀ ਬਾਦਸ਼ਾਹ ਬਾਬਰ ਨਾਲ ਮੁਲਾਕਾਤ ਦੀ ਹਾਮੀ ਭਰਨ ਤੋਂ ਇਲਾਵਾ ਬਾਬਰ ਨੂੰ ਹਿੰਦੁਸਤਾਨ ਦੀ ਕੁਰਸੀ-ਬ-ਕੁਰਸੀ (ਪੀੜ੍ਹੀ-ਦਰ-ਪੀੜ੍ਹੀ) ਬਾਦਸ਼ਾਹੀ ਦੀ ਬਖ਼ਸ਼ਿਸ਼ ਦਾ ਜ਼ਿਕਰ ਵੀ ਕਰਦੀ ਹੈ। ਫਾਰਸੀ ਦੀਆਂ ਬਹੁਤ ਸਾਰੀਆਂ ਲਿਖਤਾਂ ’ਚ ਗੁਰੂ ਸਾਹਿਬ ਦੀ ਰੂਹਾਨੀ ਅਜ਼ਮਤ ਤੇ ਧਾਰਮਿਕ ਪੁਰਸ਼ਾਂ ’ਚ ਸਿਰਮੌਰਤਾ ਨੂੰ ਦਰਸਾਉਣ ਲਈ ਉਨ੍ਹਾਂ ਨੂੰ ਦਰਵੇਸ਼ਾਂ ਦੀ ਉਪਾਧੀ ਦਿੱਤੀ ਗਈ ਹੈ :

ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।

ਗੁਰੂ ਸਾਹਿਬ ਦੇ ਜੋਤੀ ਜੋਤ ਸਮਾ ਜਾਣ ਕਰਕੇ ਰੂਹਾਨੀਅਤ ਦੇ ਖੇਤਰ ’ਚ ਜੋ ਖਲਾਅ ਮਹਿਸੂਸ ਕੀਤਾ ਗਿਆ, ਨੂੰ ਵਿਅਕਤੀ ਕਰਨ ਲਈ 19ਵੀਂ ਸਦੀ ਦੇ ਪਹਿਲੇ ਅੱਧ ’ਚ ਫਾਰਸੀ ਦੇ ਇਤਿਹਾਸਕਾਰਾਂ ਨੇ ਜੋ ਸ਼ਬਦਾਵਲੀ ਪ੍ਰਯੋਗ ਕੀਤੀ ਹੈ, ਉਹ ਬਹੁਤ ਹੀ ਜ਼ਿਕਰਯੋਗ ਹੈ:

ਨਾਨਕ ਅਜ਼ ਜਹਾਂ ਰਫ਼ਤ।

ਗ਼ੁਲ ਬਾਗ਼-ਏ ਬੈਰੂੰ ਸ਼ੁਦ।

ਭਾਵ ਗੁਰੂ ਬਾਬਾ ਨਾਨਕ ਦਾ ਇਸ ਜਹਾਨ ਤੋਂ ਚਲੇ ਜਾਣਾ ਇਵੇਂ ਸੀ ਜਿਵੇਂ ਬਾਗ਼ ਗੁਲਾਬ ਦੇ ਫੁੱਲ ਤੋਂ ਮਹਿਰੂਮ ਹੋ ਗਿਆ ਹੋਵੇ। ਲੇਖਕ ਅਨੁਸਾਰ ਗੁਰੂ ਸਾਹਿਬ ਦੇ ਲਈ ਇਸ ਤੋਂ ਵਧੇਰੇ ਪ੍ਰਭਾਵਸ਼ਾਲੀ ਤੇ ਭਾਵਪੂਰਤ ਸ਼ਰਧਾਂਜਲੀ ਕਿੱਧਰੇ ਦੇਖਣ ’ਚ ਨਹੀਂ ਆਈ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਫਾਰਸੀ ਇਤਿਹਾਸਕਾਰਾਂ ਦੀ ਨਜ਼ਰ ’ਚ, ਗੁਰੂ ਹਰਗੋਬਿੰਦ ਜੀ ਦੇ ਜੀਵਨ ਤੇ ਸੰਘਰਸ਼ ਬਾਰੇ, ਗੁਰੂ ਹਰਿ ਰਾਏ ਬਾਰੇ ਫ਼ਾਰਸੀ ਸਰੋਤ, ਗੁਰੂ ਤੇਗ ਬਹਾਦਰ ਫਾਰਸੀ ਇਤਿਹਾਸਕਾਰਾਂ ਦੀ ਜ਼ੁਬਾਨੀ, ਗੁਰੂ ਗੋਬਿੰਦ ਸਿੰਘ ਬਾਰੇ ਫ਼ਾਰਸੀ ਦੀ ਇਤਿਹਾਸਕਾਰੀ, ਗੁਰਬਾਣੀ, ਗੁਰਿਆਈ ਤੇ ਉਤਰਾਧਿਕਾਰ, ਸਿੱਖ ਪੰਥ ਦਾ ਪਾਸਾਰ ਤੇ ਸੰਗਠਨ ਬਾਰੇ ਵੇਰਵੇ ਦੂਜੇ ਭਾਗ ’ਚ ‘ਅਕਬਾਰਨਾਮਾ’:ਅਬੁਲ ਫ਼ਜ਼ਲ ਅਲਾਮੀ (1598 ਈ.), ‘ਤੁਜ਼ਕ-ਏ-ਜਹਾਂਗੀਰੀ’:ਬਾਦਸ਼ਾਹ ਨੂਰਦੀਨ ਮੁਹੰਮਦ ਜਹਾਂਗੀਰ (1606 ਈ.), ‘ਮਕਤੂਬਾਤ ਇਮਾਮ-ਰਬਾਨੀ’: ਸ਼ੇਖ ਅਹਿਮਦ ਸਰਹੰਦੀ (1616-1617 ਈ.), ਪਟਾ ਜ਼ਮੀਨ ਰਕਬਾ ਕਰਤਾਰਪੁਰ:ਪਰਗਨਾ ਜਲੰਧਰ (1643 ਈ.) , ਦਬਿਸਤਾਨ-ਏ-ਮਜ਼ਾਹਿਬ: ਮੁਬਿਦ ਸ਼ਾਹ (1645-46 ਈ.), ਤਜ਼ਕਰਾ ਪੀਰ ਹੱਸੂ ਤੇਲੀ:ਸੂਰਤ ਸਿੰਘ (1647 ਈ.), ਖੁਲਾਸਤੁਤ ਤਵਾਰੀਖ: ਸੁਜਾਨ ਰਾਏ ਭੰਡਾਰੀ (1696 ਈ.) ਤੋਂ ਇਲਾਵਾ ਹੋਰ ਫ਼ਾਰਸੀ ਇਤਿਹਾਸਕਾਰੀ ਦਾ ਬਹੁਤ ਵਿਸਤਿ੍ਰਤ ਵਰਣਨ ਪੜ੍ਹਨ ਨੂੰ ਮਿਲਦਾ ਹੈ। ਪੁਸਤਕ ’ਚ ਫ਼ਾਰਸੀ ਇਤਿਹਾਸਕਾਰੀ ਦੇ ਬਲਬੂਤੇ ਸਿੱਖ ਇਤਿਹਾਸ, ਸਿੱਖ ਗੁਰੂ ਸਾਹਿਬਾਨ ਬਾਰੇ ਦਿਲਚਸਪੀ ਭਰਿਆ ਬਿਰਤਾਂਤ ਦਿੱਤਾ ਗਿਆ ਹੈ ਜਿਸ ਨੂੰ ਨਿੱਠ ਕੇ ਪੜ੍ਹਨ ਤੇ ਸਮਝਣ ਦੀ ਲੋੜ ਹੈ। ਪੁਸਤਕ ’ਚ ਸਿੱਖ ਧਰਮ ਤੇ ਇਤਿਹਾਸ ਬਾਰੇ ਗ਼ੈਰ ਸਿੱਖ ਨਜ਼ਰੀਏ ਦੇ ਵਿਭਿੰਨ ਦਿਸਹੱਦੇ ਸਾਹਮਣੇ ਆਉਂਦੇ ਹਨ। ਫਾਰਸੀ ਦੇ ਬਹੁਤੇ ਇਤਿਹਾਸਕਾਰ ਸਿੱਖ ਗੁਰੂ ਸਾਹਿਬਾਨ ਦੇ ਨਾਂ ਨਾਲ ਅਕਸਰ ਗੁਰੂ ਦੀ ਉਪਾਧੀ ਨਹੀਂ ਲਾਉਂਦੇ ਅਤੇ ਕਈ ਵਾਰ ਅਕੇਂਦਰ, ਖਰਵੀਂ ਤੇ ਨਿੰਦਨੀਯ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਐਸੀ ਸਥਿਤੀ ਵਿਚ ਸਪੱਸ਼ਟਤਾ ਲਈ ਲੇਖਕ ਦੁਆਰਾ ਚੌਰਸ [ ] ਤੇ ਗੋਲ ਬ੍ਰੈਕਟ ( ) ਪ੍ਰਯੋਗ ਕੀਤੇ ਗਏ ਹਨ। ਗੋਲ ਬੈ੍ਰਕਟ ਅਰਥਾਂ ਨੂੰ ਸਪੱਸ਼ਟ ਕਰਨ ਲਈ ਹਨ ਜਦੋਂਕਿ ਚੌਰਸ ਬ੍ਰੈਕਟ ਲੇਖਕ ਵੱਲੋਂ ਪ੍ਰਯੋਗ ਕੀਤੇ ਸਿਰਲੇਖਾਂ ਨੂੰ ਦਰਸਾਉਣ ਲਈ ਹਨ; ਜਾਂ ਫਿਰ ਇਹ ਦੱਸਣ ਲਈ ਕਿ ਇਹ ਹੈ ਤਾਂ ਗਲਤ, ਪਰ ਇਤਿਹਾਸਕਾਰ ਨੇ ਇਸ ਨੂੰ ਏਸੇ ਤਰ੍ਹਾਂ ਲਿਖਿਆ ਹੈ। ਹਿਜਰੀ ਤੇ ਬਿਕ੍ਰਮੀ ਸੰਨ ਦੀਆਂ ਤਾਰੀਖਾਂ ਨੂੰ ਸਾਂਝੇ ਸਾਲ ਵਿਚ ਪਰਵਰਤਿਤ ਕਰਨ ਲਈ ਸ. ਪਾਲ ਸਿੰਘ ਪੂਰੇਵਾਲ ਦੁਆਰਾ ਪ੍ਰਕਾਸ਼ਿਤ 500 ਸਾਲਾ ਜੰਤਰੀ ਦਾ ਸਹਾਰਾ ਲਿਆ ਹੈ। ਹੱਥਲਾ-ਅਧਿਐਨ ਸਿੱਖ ਗੁਰੂ ਸਾਹਿਬਾਨ ਬਾਰੇ ਫਾਰਸੀ ਸਰੋਤਾਂ ਦਾ ਪੰਜਾਬੀ ਭਾਸ਼ਾ ਵਿਚ ਆਪਣੀ ਕਿਸਮ ਦਾ ਪਹਿਲਾ ਤੇ ਵਿਸਤਰਿਤ ਅਧਿਐਨ ਹੈ। ਇਕ ਕਿਸਮ ਨਾਲ ਇਸ ਵਿਚ ਸਿੱਖ ਧਰਮ ਤੇ ਇਤਿਹਾਸ ਬਾਰੇ ਗੈਰ-ਸਿੱਖ ਨਜ਼ਰੀਏ ਦੇ ਵਿਭਿੰਨ ਆਯਾਮ ਸਾਹਮਣੇ ਆਉਂਦੇ ਹਨ। ਇਸ ਦੇ ਆਪਣੇ ਗੁਣ ਤੇ ਔਗੁਣ ਹਨ ਪਰ ਸੂਝਵਾਨ ਖੋਜੀਆਂ ਲਈ ਇਸ ਵਿੱਚੋਂ ਸਚਾਈ ਦੀ ਪਛਾਣ ਕਰਨੀ ਅਸੰਭਵ ਨਹੀਂ। ਇਸ ਅਧਿਐਨ ਵਿਚ ਸ਼ਾਮਲ ਇਤਿਹਾਸਕਾਰਾਂ ਦੀਆਂ ਰਚਨਾਵਾਂ ਦਾ ਪਾਠ ਜਾਂ ਤਾਂ ਹੱਥ-ਲਿਖਤ ਖਰੜਿਆਂ ਤੋਂ ਪ੍ਰਾਪਤ ਕੀਤਾ ਹੈ ਜਾਂ ਫਿਰ ਅਕਾਦਮਿਕ ਮਾਪ ਦੰਡਾਂ ਅਨੁਸਾਰ ਸੰਪਾਦਿਤ ਕੀਤੇ ਭਰੋਸੇਯੋਗ ਸੰਸਕਰਣਾਂ ਤੋਂ ਲਿਆ ਗਿਆ ਹੈ।

ਪੁਸਤਕ ਦੇ ਲੇਖਕ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਲਗਪਗ 31 ਸਾਲ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿਚ ਸਿੱਖ ਧਰਮ ਅਧਿਐਨ ਬਾਰੇ ਖੋਜ ਤੇ ਅਧਿਆਪਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਤੌਰ ਪ੍ਰੋਫੈਸਰ ਤੇ ਮੁਖੀ ਸੇਵਾ-ਮੁਕਤ ਹੋਏ। ਫਿਰ 2011-15 ਤਕ ਮੁੱਢਲੇ ਡਾਇਰੈਕਟਰ ਦੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਸਥਾਪਤ ਕਰਨ ਤੇ ਇਸ ਨੂੰ ਰਵਾਂ-ਦਵਾਂ ਕਰਨ ਦੀ ਸੇਵਾ ਨਿਭਾਈ। ਵਿਸ਼ਵ ਧਰਮ ਅਧਿਐਨ ਵਿਚ ਗਹਿਰੀ ਰੁਚੀ ਦੇ ਨਾਲ-ਨਾਲ ਪ੍ਰੋਫੈਸਰ ਢਿੱਲੋਂ ਨੂੰ ਸਿੱਖ ਧਰਮ, ਇਤਿਹਾਸ, ਸਾਹਿਤ ਤੇ ਸਭਿਆਚਾਰ ਦੇ ਮੁੱਢਲੇ ਸਰੋਤਾਂ, ਪੁਰਾਤਨ ਹੱਥ-ਲਿਖਤ ਖਰੜਿਆਂ ਤੇ ਦਸਤਾਵੇਜਾਂ ਨੂੰ ਇਤਿਹਾਸਕ ਮਾਪ-ਦੰਡਾਂ ਅਨੁਸਾਰ ਜਾਂਚਣ-ਪਰਖਣ ਦਾ ਵਿਸ਼ੇਸ਼ ਸ਼ੌਕ ਹੈ। ਆਪ ਨੂੰ ਸਿੱਖ ਇਤਿਹਾਸ ਦੇ ਗੁਰਮੁਖੀ, ਰਾਜਸਥਾਨੀ ਤੇ ਫਾਰਸੀ ਮੁੱਢਲੇ ਤੇ ਸਮਕਾਲੀ ਸਰੋਤਾਂ ਨੂੰ ਘੋਖਣ-ਪਰਖਣ ਵਿਚ ਵਿਸੇਸ ਮੁਹਾਰਤ ਪ੍ਰਾਪਤ ਹੈ।

ਪ੍ਰੋਫੈਸਰ ਢਿੱਲੋਂ ਨੇ ਇਨ੍ਹਾਂ ਸਰੋਤਾਂ ਦੇ ਦੀਰਘ ਅਧਿਐਨ ਰਾਹੀਂ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਦੇ ਪੇਚੀਦਾ ਮਸਲਿਆਂ ਸੁਲਝਾਉਣ ਤੋਂ ਇਲਾਵਾ ਸਿੱਖ ਧਰਮ ਅਧਿਐਨ ਦੇ ਕਈ ਹਨੇਰੇ ਪੱਖਾਂ ਨੂੰ ਰੁਸਨਾਉਣ ਦਾ ਕਾਰਜ ਕੀਤਾ ਹੈ। ਮੁਕੰਮਲ, ਸੰਜੀਦਾ ਤੇ ਵਿਸਤਿ੍ਰਤ ਅਧਿਐਨ, ਵਿਧੀਵਤ ਅੰਤਰ-ਅਨੁਸ਼ਾਸਨੀ ਪਹੁੰਚ ਵਿਧੀ, ਡੂੰਘੀ ਲਗਨ ਤੇ ਬੇਲਾਗ ਅਕਾਦਮਿਕ ਪ੍ਰਤਿਬੱਧਤਾ ਰਾਹੀਂ ਪ੍ਰੋਫੈਸਰ ਬਲਵੰਤ ਸਿੰਘ ਢਿੱਲੋਂ ਨੇ ਇਕ ਮੋਹਰੀ ਸਿੱਖ ਵਿਦਵਾਨ ਵਜੋਂ ਪਛਾਣ ਸਥਾਪਤ ਕਰ ਲਈ ਹੈ। ਉਨ੍ਹਾਂ ਦੀ ਕਲਮ ਤੋਂ ‘‘ਪ੍ਰਮੁੱਖ ਸਿੱਖ ਤੇ ਸਿੱਖ ਪੰਥ’’ (ਗੁਰੂ ਹਰਗੋਬਿੰਦ ਕਾਲ), ‘ਸ੍ਰੀ ਗੁਰੂ ਅਮਰਦਾਸ ਅਭਿਨੰਦਨ’, ‘ਸ੍ਰੀ ਗੁਰ ਪੰਥ ਪ੍ਰਕਾਸ਼ ਿਤ ਸ. ਰਤਨ ਸਿੰਘ ਭੰਗੂ (ਸੰਪਾਦਨ)’, ‘ਬੰਦਾ ਸਿੰਘ ਬਹਾਦਰ ਫਾਰਸੀ ਸਰੋਤ’, ‘ਅਹਵਾਲ-ਉਲ-ਖਵਾਕੀਨ ਿਤ ਮੁਹੰਮਦ ਕਾਸਿਮ ਔਰੰਗਾਬਾਦੀ’, ‘ਹਕੀਕਤ-ਏ-ਸਿੱਖਾਂ’, ‘ਗੁਰੂ ਤੇਗ ਬਹਾਦਰ: ਵਿਰਸਾ ਤੇ ਵਿਰਾਸਤ’ ਪੁਸਤਕਾਂ ਦੀ ਸਿਰਜਣਾ ਹੋ ਚੁੱਕੀ ਹੈ। ਹੱਥਲਾ ਅਧਿਐਨ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਾਰਸੀ ਸਰੋਤਾਂ ਦੀ ਪੰਜਾਬੀ ਭਾਸ਼ਾ ’ਚ ਆਪਣੀ ਕਿਸਮ ਦਾ ਪਹਿਲਾ, ਵਿਸ਼ੇਸ਼ ਤੇ ਵਿਸਤਰਿਤ ਅਧਿਐਨ ਹੈ ਜਿਸ ਦਾ ਫ਼ਾਇਦਾ ਸੂਝਵਾਨ ਪਾਠਕਾਂ ਵਿਸ਼ੇਸ਼ ਕਰਕੇ ਇਤਿਹਾਸਕ ਖੋਜਾਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਇਸ ਪੁਸਤਕ ਦੇ ਕੁੱਲ 391 ਸਫ਼ੇ ਹਨ। ਮੁੱਲ 650 ਰੁਪਏ ਹੈ ਅਤੇ ਪ੍ਰਕਾਸ਼ਨਾ ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ,ਅੰਮਿ੍ਰਤਸਰ ਵੱਲੋਂ ਕੀਤੀ ਗਈ ਹੈ ਜੋ ਬਾਕਮਾਲ ਹੈ। ਇਹ ਪੁਸਤਕ ਸਾਂਭਣਯੋਗ ਇਤਿਹਾਸਕ ਦਸਤਾਵੇਜ਼ ਹੈ ਜੋ ਸੂਝਵਾਨ ਪਾਠਕਾਂ ਦੇ ਘਰਾਂ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।

 

Order Online -: https://www.singhbrothers.com/en/sikh-itihas-di-farsi-itihaskari

 

From - Punjabi Jagran Newspaper

By - Jaswinder Singh Bohrhu

Dated - 30.10.2022