Blog posts tagged with 'Jinhan Rahan Di Main Saar Na Janan'
ਪੰਜਾਬ ਦੀ ਪੇਸ਼ਕਾਰੀ ਤੇ ਹਕੀਕਤ ਦਰਮਿਆਨ ਪਾੜੇ ਦੀ ਤਸਵੀਰਕਸ਼ੀ

ਪੰਜਾਬ ਦੇ ਸੱਭਿਆਚਾਰ, ਸਾਹਿਤ ਜਾਂ ਇਤਿਹਾਸਕ ਪੱਖ ਦੀ ਜਦੋਂ ਵੀ ਗੱਲ ਚਲਦੀ ਹੈ ਤਾਂ ਇਹੋ ਜਿਹਾ ਮੂੰਹ-ਮੁਹਾਂਦਰਾ ਇਹ ਸਾਨੂੰ ਦਿਖਾਉਂਦਾ ਹੈ ਹਕੀਕੀ ਰੂਪ ਇਸ ਦੇ ਉਲਟ ਹੁੰਦਾ ਹੈ ਕਿਉਂਕਿ ਪੰਜਾਬ ਦਾ ਸੱਭਿਆਚਾਰ, ਰਹਿਣ-ਸਹਿਣ ਤੇ ਭੂਗੋਲਿਕ ਸਥਿਤੀਆਂ ਬਹੁ-ਪਰਤੀ ਹਨ ਇਸ ਦੀ ਥਾਹ ਪਾਉਣੀ ਇੰਨੀ ਸੌਖੀ ਗੱਲ ਨਹੀਂ ।

ਇਸ ਬਾਰੇ ਜਾਣਨ ਲਈ ਇਸ ਦੀਆਂ ਪਰਤਾਂ ਫੋਲਣੀਆਂ ਪੈਣਗੀਆਂ ਜਿਸ ਲਈ ਇਸ ਦੇ ਵਿਹੜਿਆਂ, ਪਿੰਡਾਂ, ਖੇਤਾਂ, ਆਪਣੀ ਹੋਂਦ ਨੂੰ ਬਣਾਈ ਰੱਖਣ ਤੇ ਰੋਜ਼ੀ ਰੋਟੀ ਲਈ ਸੰਘਰਸ਼ ਕਰਦੇ ਲੋਕਾਂ ਤਕ ਪਹੁੰਚ ਕਰਨੀ ਪਵੇਗਾ ਤੇ ਇਹ ਪਹੁੰਚ ਉਹੀ ਕਰੇਗਾ । ਜਿਸ ਦੇ ਦਿਲ 'ਚ ਪੰਜਾਬ ਦੀ ਗੁੰਝਲਦਾਰ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਸਥਿਤੀ ਬਾਰੇ ਜਾਣਨ ਦੀ ਇੱਛਾ ਹੋਵੇਗੀ ।

ਅਜਿਹੀ ਹੀ ਜਗਿਆਸਾ ਪੂਰਤੀ ਲਈ 2015 ਵਿਚ ਅਮਨਦੀਪ ਸੰਧੂ ਨੇ ਪੰਜਾਬ ਬਾਰੇ ਆਪਣੇ ਸੱਖਣੇਪਣ ਨੂੰ ਭਰਨ ਲਈ ਖੋਜਬੀਣ ਦਾ ਬੀੜਾ ਚੁੱਕਿਆ । ਅਗਲੇ ਤਿੰਨ ਸਾਲ ਸੂਬੇ ਅੰਦਰ ਘੁੰਮਦਿਆਂ ਉਸ ਨੇ ਤੱਕਿਆ ਕਿ ਲੋਕ ਗਾਥਾਵਾਂ ਰਾਹੀਂ ਉਸ ਦੇ ਜ਼ਿਹਨ ਵਿਚ ਵਸੇ ਪੰਜਾਬ ਤੇ ਅਸਲ ਪੰਜਾਬ ਦਰਮਿਆਨ ਬਹੁਤ ਵੱਡਾ ਫ਼ਰਕ ਹੈ ।

ਜਦੋਂ ਅਮਨਦੀਪ ਪੰਜਾਬ ਨੂੰ ਜਾਣਨ ਲਈ ਉਨ੍ਹਾਂ ਰਾਹਾਂ 'ਤੇ ਨਿਕਲਿਆ ਜਿਨ੍ਹਾਂ ਦੀ ਉਹ ਸਾਰ ਵੀ ਨਹੀਂ ਸੀ ਜਾਣਦਾ ਤਾਂ ਉਸ ਨੂੰ ਪਹਿਲਾ ਵਾਕ ਜਿਹੜਾ ਸੁਣਨ ਨੂੰ ਮਿਲਿਆ ਉਹ ਇਹ ਸੀਜੇ ਤੂੰ ਪੰਜਾਬ ਨੂੰ ਜਾਣਨਾ ਚਾਹੁੰਦੇ ਤਾਂ ਲਾਸ਼ਾਂ ਗਿਣਨ ਲਈ ਤਿਆਰ ਹੋ ਜਾਂ ਇਹ ਸ਼ਬਦ ਉਸ ਨੂੰ ਫੋਟੋਗ੍ਰਾਫਰ ਦਾਨਿਸ਼ ਨੇ ਮੇਜ਼ ਦੀ ਦਰਾਜ 'ਚ ਹੱਥ ਮਾਰਦਿਆਂ ਕਹੇ ਸਨ । ਦਾਨਿਸ਼ ਦਾ ਅਜਿਹਾ ਕਹਿਣ ਦਾ ਮਤਲਬ ਅਮਨਦੀਪ ਨੂੰ ਉਸ ਦੇ ਮਿਸ਼ਨ ਤੋਂ ਹਟਣ ਬਾਰੇ ਨਹੀਂ ਸਗੋਂ ਜਿਨ੍ਹਾਂ ਰਾਹਾਂ ਦਾ ਉਹ ਮੁਸਾਫ਼ਰ ਬਣਨ ਜਾ ਰਿਹਾ ਸੀ, ਦੀਆਂ ਸਥਿਤੀਆਂ-ਪ੍ਰਸਥਿਤੀਆਂ ਬਾਰੇ ਅਗਾਹ ਕਰਨਾ ਸੀ ।

ਅਮਨਦੀਪ ਤਿਆਰ ਸੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤੇ ਉਹ ਤੁਰ ਪਿਆ ਪੰਜਾਬ ਦੀਆਂ ਤਹਿਆਂ ਫਰੋਲਣ ਲਈ । ਉਸ ਦੀ ਖੋਜਬੀਨ ਦੇ ਫਲਸਰੂਪ ਵੱਡਅਕਾਰੀ ਪੁਸਤਕਪੰਜਾਥ ਹੋਂਦ ਵਿਚ ਆਈ ਜਿਸ ਦੀ ਭਾਸ਼ਾ ਅੰਗਰੇਜ਼ੀ ਸੀ । ਇਸ ਪੁਸਤਕ ਨੂੰ ਪੰਜਾਬ ਦੇ ਆਮ ਲੋਕਾਂ ਦੀ ਬੋਲੀ ਵਿਚ ਬਦਲਿਆ, ਭਾਵ ਇਸ ਨੂੰ ਅਨੁਵਾਦ ਕੀਤਾ ਹੈ ਪੰਜਾਬੀ ਭਾਸ਼ਾ ਦੀਆਂ ਬਹੁਤ ਹੀ ਸੁਲਝੀਆਂ ਦੋ ਸ਼ਖ਼ਸੀਅਤਾਂ ਯਾਦਵਿੰਦਰ ਸਿੰਘ ਤੇ ਮੰਗਤ ਰਾਮ ਨੇ । ਮਾਤ ਭਾਸ਼ਾ ਵਿਚ ਇਸ ਦਾ ਟਾਈਟਲ ਰੂਪਾਂਤਰਣ ਹੋ ਕੇ ਪੰਜਾਬ-ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਸਾਹਮਣੇ ਆਇਆ ।

ਪੰਜਾਥ ਤੇ ਪੰਜਾਬੀਆਂ ਦੇ ਯਥਾਰਥਕ ਬਿਰਤਾਂਤ ਦੀ ਪੇਸ਼ਕਾਰੀ ਕਰਦੀ ਹੱਥਲੀ ਪੁਸਤਕ ਨੂੰ ਸੋਲਾਂ ਅਧਿਆਇਆਂ ਸੱਟ, ਬੇਰੁਖੀ, ਗੈਸ, ਰੋਗ, ਆਸਥਾ, ਮਰਦਾਨਗੀ, ਦਵਾ, ਪਾਣੀ, ਜ਼ਮੀਨ, ਕਰਜ਼, ਜਾਤ, ਪਤਿਤ, ਬਾਰਡਰ, ਸਿੱਖਿਆ, ਲਾਸ਼ਾਂ, ਜਨਮ ਦਿਨ ਵਿਚ ਪ੍ਰਸਤੁਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਤਿਕਾ ਤੇ ਇਕ ਹੋਰ ਅਧਿਆਇ ਐਲਾਨ ਸ਼ਾਮਲ ਕੀਤਾ ਗਿਆ ਹੈ ।

ਚਾਰ ਸੌ ਚਰੱਨਵੇ ਪੰਨਿਆਂ ਦੀ ਇਸ ਕਿਰਤ ਨੂੰਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ ਤੇ ਇਸ ਦੀ ਕੀਮਤ 750/- ਰੁਪਏ ਰੱਖੀ ਗਈ ਹੈ । ਜਿਸ ਤਰ੍ਹਾਂ ਪੰਜਾਬੀ ਦਾ ਅਖਾਣ ਹੈਘਰ ਦੇ ਭਾਗ ਡਿਓੜੀ ਤੋਂ ਹੀ ਦਿਸ ਪੈਂਦੇ ਹਨ ਇਸ ਤਰ੍ਹਾਂ ਹੀ ਇਹ ਅਖਾਣ ਹੱਥਲੀ ਪੁਸਤਕ ਦੇ ਅਧਿਆਇਆਂ 'ਤੇ ਵੀ ਸੌ ਫੀਸਦੀ ਢੁਕਦੀ ਹੈ । ਪੁਸਤਕ ਦੇ ਆਧਿਆਇ ਦਾ ਟਾਈਟਲ ਖ਼ੁਦ ਬੋਲਦਾ ਹੈ ਕਿ ਇਸ ਦਾ ਵਿਸ਼ਾ ਵਸਤੂ ਜਾਂ ਕਥਾਨਿਕ ਬਿਰਤਾਂਤ ਕੀ ਹੈ । ਇਹ ਲੇਖਕ ਜਾਂ ਅਨੁਵਾਦਕਾਂ ਦੀ ਕਿਰਤ ਦਾ ਅਮੀਰੀ ਗੁਣ ਹੈ ।

ਪੁਸਤਕ ਨੂੰ ਜੇ ਵਿਆਕਰਨ ਰੂਪ ਤੋਂ ਦੇਖੀਏ ਤਾਂ ਇਸ ਦੀ ਭਾਸ਼ਾ ਆਂਚਲਿਕ ਹੈ । ਲੇਖਕ ਜਿਸ ਵੀ ਖੇਤਰ ਵਿਚ ਗਿਆ ਉਥੋਂ ਦੇ ਲੋਕਾਂ ਦੀ ਬੋਲਚਾਲ ਦੀ ਬੋਲੀ ਨੂੰ ਹੀ ਅਪਣਾਇਆ । ਇਹ ਵੀ ਪੁਸਤਕ ਦੀ ਉਪਲੱਬਧੀ ਹੈ । ਵਾਕ ਬਣਤਰ, ਵਾਰਤਾਲਾਪ, ਦ੍ਰਿਸ਼ਟਾਂਤ ਪੁਸਤਕ ਨੂੰ ਰੋਚਕ ਬਣਾਉਂਦੇ ਹਨ ।

ਕਈ ਵਾਰ ਅਨੁਵਾਦਿਤ ਪੁਸਤਕਾਂ ਅਕਾਊ ਜਾਪਦੀਆਂ ਹਨ ਪਰ ਹੱਥਲੀ ਪੁਸਤਕ ਦੇ ਸੰਦਰਭ ਵਿਚ ਇਹ ਗੱਲ ਉਲਟੀ ਜਾਪਦੀ ਹੈ । ਅਜਿਹਾ ਸ਼ਾਇਦ ਇਸ ਲਈ ਵੀ ਹੋ ਸਕਦਾ ਹੈ ਕਿ ਪੁਸਤਕ ਦਾ ਆਪਣੇ ਅਸਲੀ ਰੂਪ ਵਿਚ ਪਾਠਕਾਂ ਦੇ ਹੱਥਾਂ ਵਿਚ ਆਈ ਹੈ । ਕਿਉਂਕਿ ਪੁਸਤਕ ਦਾ ਬੀਜ ਰੂਪ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੈ । ਅਮਨਦੀਪ ਨੇ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਪੰਜਾਬੀ ਵਿਚ ਗੱਲ ਕੀਤੀ, ਪੰਜਾਬ ਨੂੰ ਪੰਜਾਬੀ ਵਿਚ ਜਾਣਿਆ ਤੇ ਫਿਰ ਉਸ ਦਾ ਉਲੱਥਾ ਅੰਗਰੇਜ਼ੀ ਵਿਚ ਕੀਤਾ ਸੋ ਪੁਸਤਕ ਦਾ ਪਹਿਲਾ ਅਨੁਵਾਦ ਤਾਂ ਅਮਨਦੀਪ ਨੇ ਹੀ ਕੀਤਾ ।

ਯਾਦਵਿੰਦਰ ਤੇ ਮੰਗਤ ਰਾਮ ਨੇ ਇਸ ਨੂੰ ਮੁੜ ਇਸ ਦਾ ਮੂਲ ਰੂਪ ਦਿੱਤਾ ਹੈ । ਇਸ ਲਈ ਪੁਸਤਕ ਵਿਚ ਅੰਗਰੇਜ਼ੀ ਤੋਂ ਅਨੁਵਾਦ ਹੋਣਾ ਕਿਤੇ ਵੀ ਨਹੀਂ ਭਾਸਦਾ । ਦੇਖੋ ਉਸ ਦੀ ਭਾਸ਼ਾ ਪਕੜ ਤੇ ਬੇਬਾਕ ਬਿਆਨ ਦਾ ਨਮੂਨਾ:

ਜਾਤ ਦਾ ਸਬੰਧ ਸਟੇਟ ਦੀ ਸਿਆਸਤ ਤੇ ਆਰਥਿਕਤਾ ਨਾਲ ਵੀ ਜੁੜਿਆ ਹੈ । ਮੈਂ ਪੰਜਾਬ ਦਾ ਜੰਮਿਆ-ਪਲਿਆ ਨਹੀਂ । ਏਦਾਂ ਦੀ ਗੱਲ ਨਹੀਂ ਕਿ ਮੈਨੂੰ ਜਾਤ-ਪਾਤ ਦਾ ਪਤਾ ਨਹੀਂ, ਪਰ ਮੇਰੇ ਅੰਦਰ ਇਹ ਸਵਾਲ ਅਕਸਰ ਖੌਰੂ ਪਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਕਰਦੇ ਸਿੱਖ, ਜਾਤ-ਪਾਤ ਨੂੰ ਕਿਵੇਂ ਮੰਨ ਸਕਦੇ ਹਨ? ਇਸ ਤਰ੍ਹਾਂ ਤਾਂ ਲੱਗਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ ਮੰਨਦੇ? ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰੀ ਦੇ ਸਮਾਜ ਦਾ ਤਸੱਵਰ ਮਿਲਦਾ ਹੈ, ਪਰ ਸਮਾਜ ਵਿਚ ਜਿਸ ਤਰ੍ਹਾਂ ਦੀ ਬਰਾਬਰੀ ਹੋਣੀ ਚਾਹੀਦੀ ਹੈ, ਉਹ ਪੰਜਾਬ ਵਿਚ ਦਿਖਾਈ ਨਹੀਂ ਦਿੰਦੀ । ਅੰਦਰਖਾਤੇ ਲੋਕ ਜਾਤ-ਪਾਤ ਨੂੰ ਸਵੀਕਾਰ ਕਰੀ ਬੈਠੇ ਹਨ ।

ਲਾਸ਼ਾਂ ਗਿਣਨ ਲਈ ਤਿਆਰ ਹੋ ਜਾ, ਮੈਨੂੰ ਸਤਪਾਲ ਦਾਨਿਸ਼ ਦਾ ਕਿਹਾ ਚੇਤੇ ਆਇਆ । ਪੰਜਾਬ ਦੇ ਸਫ਼ਰ ਦੌਰਾਨ ਲੋਕਾਂ ਨਾਲ ਕੀਤੀਆਂ ਗੱਲਾਂ ਤੇ ਖ਼ਬਰਾਂ ਚ ਥਾਂ-ਥਾਂ 'ਤੇ ਲਾਸ਼ਾਂ ਮੌਜੂਦ ਸਨ । ਸਾਰੇ ਦੇਸ਼ ਵਿਚ ਹਥਿਆਰਾਂ ਦੇ ਜਿੰਨੇ ਲਾਇਸੈਂਸ ਹਨ, ਉਨ੍ਹਾਂ ਦਾ ਪੰਜਵਾਂ ਹਿੱਸਾ ਇਕੱਲੇ ਪੰਜਾਬ ਵਿਚ ਹੈ ।

ਏਥੇ ਗੱਲ-ਗੱਲ 'ਚ ਬੰਦੂਕ ਦਾ ਜ਼ਿਕਰ ਹੋਣ ਲੱਗਦਾ ਹੈ । ਮੈਂ ਜਿਨ੍ਹਾਂ ਨੂੰ ਵੀ ਮਿਲਿਆ, ਉਨ੍ਹਾਂ ਵਿੱਚੋਂ ਕਈਆਂ ਦੀ ਡੱਬ ਵਿੱਚੋਂ ਪਿਸਤੌਲ ਝਾਕ ਰਹੀ ਹੁੰਦੀ । ਮੇਰਾ ਧਿਆਨ ਹਥਿਆਰ ਵੱਲਜਾਂਦਿਆਂ ਹੀ ਉਹ ਬੰਦਾ ਟੇਢਾ ਜਿਹਾ ਮੁਸਕਰਾਉਂਦਾ ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੱਟਾਂ ਨੇ ਦਲਿਤਾਂ ਨੂੰ ਕੁੱਟਿਆ ਤੇ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ । ਉਨ੍ਹਾਂ ਨੇ ਘਰਾਂ ਦੀਆਂ ਖਿੜਕੀਆਂ, ਘਰੇਲੂ ਸੰਦ-ਸੰਦੇੜਾ, ਪਾਣੀ ਦੀਆਂ ਪਾਈਪਾਂ ਤੇ ਇੱਥੋਂ ਤਕ ਕਿ ਪਸ਼ੂਆਂ ਦੇ ਵੀ ਸੱਟਾਂ ਮਾਰੀਆਂ । ਜੱਟਾਂ ਨੇ ਦਲਿਤ ਔਰਤਾਂ ਨਾਲ ਛੇੜ-ਛਾੜ ਕੀਤੀ ਤੇ ਉਨ੍ਹਾਂ ਨੂੰ ਕੁੱਟਿਆ 40 ਦੇ ਕਰੀਬ ਦਲਿਤ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਨੈ ਦੇ ਸਿਰਾਂ 'ਚ ਸੱਟਾਂ ਸਨ।ਇਕ ਦੀ ਬਾਂਹ ਟੁੱਟੀ ਸੀ ਤੇ ਇਕ ਹੋਰ ਦਾ ਜਥਾੜਾ ਹਿੱਲ ਗਿਆ ਸੀ । ਏਥੇ ਹੀ ਬਸ ਨਹੀਂ । ਦਲਿਤਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ । ਜੱਟਾਂ ਨੇ ਉਨ੍ਹਾਂ ਤੋਂ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ । ਉਨ੍ਹਾਂ ਨੂੰ ਪਸ਼ੂਆਂ ਲਈ ਚਾਰਾ ਲਿਆਉਣ ਤੋਂ ਵਰਜ ਦਿੱਤਾ । ਡਾਕਟਰਾਂ ਨੂੰ ਦਲਿਤਾਂ ਦਾ ਇਲਾਜ ਕਰਨੋਂ ਵੀ ਰੋਕ ਦਿੱਤਾ ।

ਪੁਸਤਕ ਦੇ ਬਿਰਤਾਂਤ ਨੂੰ ਲਗਾਤਾਰ ਪੜ੍ਹੋ ਤਾਂ ਨਾਵਲ ਜਾਪਦਾ ਹੈ । ਅਧਿਆਇਆਂ ਵਿਚ ਵੱਡੀਆਂ ਯਥਾਰਥਕ ਕਹਾਣੀਆਂ ਇਤਿਹਾਸ ਦੇ ਖੋਜਾਰਥੀ ਇਸ ਦਾ ਇਤਿਹਾਸਕ ਪੁਸਤਕ ਵਜੋਂ ਲਾਹਾ ਲੈ ਸਕਦੇ ਹਨ ।

ਅਮਨਦੀਪ ਦੀ ਹੱਥਲੀ ਪੁਸਤਕ ਦੇ ਮਹੱਤਵ ਨੂੰ ਜਾਣਨ ਲਈ ਪੁਸਤਕ ਬਾਰੇ ਵਿਦਵਾਨਾਂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਸਾਹਿਤ ਦੇ ਨਾਲ-ਨਾਲ ਇਤਿਹਾਸ ਵਿਚ ਵੀ ਮੀਲ ਦਾ ਪੱਥਰ ਸਾਬਤ ਹੋਵੇਗੀ । ਦੇਖੋ ਵਿਦਵਾਨਾਂ ਦੇ ਵਿਚਾਰ:

ਸੂਬੇ ਦੇ ਭੂਗੋਲਿਕ ਚੌਗਿਰਦੇ, ਇਸ ਦੀਆਂ ਮਿੱਥਾਂ, ਰਵਾਇਤਾਂ ਤੇ ਲੋਕ ਗੀਤਾਂ ਬਾਰੇ ਨਾਯਾਬ ਬਿਓਰਾ ਪੇਸ਼ ਕਰਦਿਆਂ ਇਹ ਕਿਤਾਬ ਪੰਜਾਬ ਦੀ ਜੱਕੋ-ਤੱਕੀ ਨੂੰ ਸਮਝਣ ਦਾ ਸਬੱਬ ਬਣਦੀ ਹੈ ।

ਇਤਿਹਾਸਕ ਬਿਰਤਾਂਤ ਤੇ ਸਮਕਾਲੀ ਵਰਤਾਰਿਆਂ ਦੀ ਗੰਢ-ਤੁੱਪ ਸਾਨੂੰ ਸੰਕਟਗ੍ਰਸਤ ਸੁਥੇ ਬਾਰੇ ਗਹਿਰੀ ਸਮਝ ਮੁਹੱਈਆ ਕਰਵਾਉਂਦੀ ਹੈ: ਦ ਹਿੰਦੂ

ਪੰਜਾਬ ਦੀ ਸਭ ਤੋਂ ਵੱਡੀ ਵਿਡੰਬਣਾ ਹੈ ਕਿ ਇਸ ਦੀ ਛਾਪ ਇਸ ਦੀਆਂ ਪੈੜਾਂ ਤੋਂ ਵਡੇਰੀ ਹੈ । ਲੇਖਕ ਨੇ ਬਿਨਾਂ ਕਿਸੇ ਦਾ ਪੱਖ ਪੂਰਿਆਂ ਛਾਣ-ਬੀਣ ਕੀਤੀ ਹੈ ਕਿ ਕਿਵੇਂ ਨਵ-ਉਦਾਰਵਾਦੀ ਨੀਤੀਆਂ ਨੇ ਇਸ ਖੇਤੀ ਪ੍ਰਧਾਨ ਸੂਬੇ ਨੂੰ ਖੱਖਰ-ਤੱਖਰ ਕਰ ਦਿੱਤਾ ਹੈ: ਦ ਟ੍ਰਿਬਿਊਨ

ਸਾਹਿਤਕ ਪੱਤਰਕਾਰੀ ਦੀ ਰੂਪ-ਵਿਧਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਇਸ ਪੁਸਤਕ ਦਾ ਬਿਰਤਾਂਤ ਇਤਿਹਾਸਕ ਤੱਥਾਂ 'ਚੋਂ ਨਿਕਲੇ, ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਅਤੇ ਕੀਤੀਆਂ ਯਾਤਰਾਵਾਂ 'ਚੋਂ ਕਸੀਦੇ ਅਨੁਭਵਾਂ ਨਾਲ ਘੁਲ-ਮਿਲ ਕੇ ਪੰਜਾਬ ਨਾਲ ਸਬੰਧਿਤ ਜ਼ਮੀਨੀ ਹਕੀਕਤ ਤੇ ਯਥਾਰਥ ਨੂੰ ਉਘਾੜਦਾ ਹੈ । ਮਨਮੋਹਨ (ਪੰਜਾਬੀ ਕਵੀ ਤੇ ਚਿੰਤਕ) .

ਗੱਲ ਕੀ, ਅਮਨਦੀਪ ਨੇ ਜਿਹੜਾ ਵੀ ਵਿਸ਼ਾ ਲਿਆ ਉਸ 'ਤੇ ਪੂਰੀ ਇਮਾਨਦਾਰੀ, ਸਿਰੜ ਤੇ ਸਿਦਕ ਨਾਲ ਉਸਨੂੰ ਨਿਭਾਇਆ ਹੈ ਤੇ ਬੇਬਾਕ ਹੋ ਕੇ ਲਿਖਿਆ ਹੈ । ਉਹ ਕਿਤੇ ਵੀ ਪੱਖਪਾਤੀ ਨਹੀਂ ਹੁੰਦਾ ਬੇਸ਼ੱਕ ਉਹ ਗੱਲ 84 ਦੀ ਕਰੋ ਜਾਂ ਦਲਿਤਾਂ 'ਤੇ ਉਚ ਜਾਤੀ ਵਲੋਂ ਕੀਤੇ ਅੱਤਿਆਚਾਰ ਦੀ ਗੱਲ ਕਰਦਾ ਹੋਵੇ । ਉਹ ਘੱਟ ਜ਼ਮੀਨੇ ਕਿਸਾਨਾਂ ਦੀ ਗੱਲ ਕਰਨ ਲੱਗਿਆਂ ਆਰਥਿਕ ਤੰਗੀ ਜਾਂ ਥੋੜੀ ਜ਼ਮੀਨ ਕਾਰਨ ਪਰਿਵਾਰਾਂ ਦੀ ਨਿੱਜੀ ਸਾਂਝ ਜਾਂ ਵਰਜਿਤ ਰਿਸ਼ਤਿਆਂ ਦੀ ਵੀਵਿਆਖਿਆ ਕਰ ਦਿੰਦਾ ਹੈ।

 

Order Online -: https://www.singhbrothers.com/en/punjab-jinhan-rahan-di-main-saar-na-janan

 

From - Punjabi Jagran Newspaper

By - Jasvinder Duhda

Dated - 02.10.2022

ਪੰਜਾਬ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਪੁਸਤਕ

 

Punjab : Jinhan Rahan Di Main Saar Na Janan

Punjab : Jinhan Rahan Di Main Saar Na Janan

 

ਇਹ ਪੁਸਤਕ ਪੰਜਾਬ ਦੇ ਇਤਿਹਾਸਕ, ਭੂਗੋਲਿਕ, ਸਮਾਜਕ ਸੱਭਿਆਚਾਰਕ ਅਤੇ ਹਰ ਕਾਲ ਦੀਆਂ ਸਥਿਤੀਆਂ-ਪ੍ਰਸਥਿਤੀਆਂ ਸੰਬੰਧੀ ਸੰਪੂਰਨ ਜਾਣਕਾਰੀ ਦੇਣ ਵਾਲੀ ਅਦੁੱਤੀ ਪੁਸਤਕ ਹੈ । ਜਿਨ੍ਹਾਂ 16 ਅਧਿਆਵਾਂ ਦਾ ਪਾਠ ਕਰਦਿਆਂ ਅਸੀਂ ਪੰਜਾਬ ਨੂੰ ਜਾਣ-ਪਹਿਚਾਣਨ ਹੀ ਲੱਗੇ ਹਾਂ, ਬਲਕਿ ਪੰਜਾਬ ਦੇ ਵਰਤਮਾਨ ਅਤੇ ਅਤੀਤ ਦਾ ਨਿਰਪੱਖ, ਗਿਆਨ-ਵਿਗਿਆਨ ਦ੍ਰਿਸ਼ਟੀ, ਇਤਿਹਾਸ, ਭੂਗੋਲ, ਅਤੀਤ ਅਤੇ ਵਰਤਮਾਨ ਵੀ ਸਮਝਣ ਲੱਗੇ ਹਾਂ। ਪੁਸਤਕ ਵਿੱਚ ਜੋ ਜਾਣਕਾਰੀ ਦੇਣ ਦਾ ਵਧੀਆ ਅਤੇ ਗਿਆਨ-ਵਿਗਿਆਨਕ ਦ੍ਰਿਸ਼ਟੀ ਤੋਂ ਉਪਰਾਲਾ ਕੀਤਾ ਗਿਆ ਹੈ, ਉਸ ਦਾ ਅਧਿਐਨ ਕਰਨ ਉਪਰੰਤ ਅਸੀਂ ਨਿਰਸੰਦੇਹ ਇਹ ਕਹਿ ਸਕਦੇ ਹਾਂ ਕਿ ਸੱਚਮੁੱਚ ਇਹ ਪੁਸਤਕ ਇਤਿਹਾਸਕ, ਸੱਭਿਆਚਾਰਕ, ਇਤਿਹਾਸਕ ਵਰਤਮਾਨ ਦੇ ਅਧਿਐਨ ਲਈ ਬਹੁਤ ਨਿਵੇਕਲੀ ਕਿਸਮ ਦੀ ਪੁਸਤਕ ਹੈ, ਜਿਸ ਨੂੰ ਹੋਰ ਵੀ ਪੰਜਾਬੀ ਨਾਗਰਿਕਾਂ ਨੂੰ ਪੜ੍ਹਨਾ ਅਤੇ ਪੜ੍ਹਾਉਣਾ ਚਾਹੀਦਾ ਹੈ

ਲੇਖਕ ਨੇ ਪੰਜਾਬ ਦੇ ਨਾਜ਼ੁਕ ਨਾ-ਖੁਸ਼ਗਵਾਰ ਦਿਨਾਂ ਦੀਆਂ ਤਸਵੀਰਾਂ, ਤਲਖ-ਹਾਲਤਾਂ ਦਾ ਜ਼ਿਕਰ ਭਾਵਕੀ ਲਹਿਜ਼ੇ ਵਿੱਚ ਕੀਤਾ ਹੈ । ਉਹ ਤਸਵੀਰਾਂ ਦੇਖੀਆਂ ਹਨ, ਜਿਨ੍ਹਾਂ ਦੀ ਯਾਦ ਬੀਤੇ ਦਿਨਾਂ ਦੇ ਨਾਜ਼ੁਕ ਸਮੇਂ ਨਾਲ ਸੰਬੰਧਤ ਹੈ । ਉਸ ਸ਼ਖਸ ਦੀਆਂ ਤਸਵੀਰਾਂ ਦਾ ਉਹ ਜ਼ਿਕਰ ਕਰਦਾ ਹੈ, ਜਿਨ੍ਹਾਂ ਨੂੰ ਦੇਖ-ਸਮਝ ਕੇ ਪੰਜਾਬ ਦੀ ਨਾਜ਼ੁਕ, ਅਸਥਿਰ ਅਤੇ ਡਾਵਾਂਡੋਲ ਸਥਿਤੀ ਦਾ ਲਿਖਤੀ ਨਾਜ਼ੁਕ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ । ਲੇਖਕ ਉਹਨਾਂ ਦਿਨਾਂ ਦੇ ਆਗੂਆਂ ਦੀਆਂ ਤਸਵੀਰਾਂ ਦੇਖ ਬਿਆਨ ਕਰਦਾ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਨਾਜ਼ੁਕ ਸਮੇਂ ਦੇ ਰਾਜਨੀਤੀ ਦੇ ਦੋ ਬੁਲੰਦ ਨੇਤਾਵਾਂ ਵਿਚਕਾਰ ਪਾੜਾ ਵਧ ਰਿਹਾ ਹੈ । ਫੋਟੋਆਂ ਦੇਖ ਜਾਪਦਾ ਸੀ ਕਿ ਤਸਵੀਰਾਂ ਵਿੱਚ ਵਿਖਾਈ ਦਿੰਦੇ ਲੋਕਾਂ ਨੂੰ ਕਾਬੂ ਕਰਨ ਲਈ ਜੋ ਰਸਤਾ ਅਤੇ ਢੰਗ ਅਪਨਾਇਆ ਗਿਆ, ਉਸ ਦੀ ਥਾਂ ਹੋਰ ਅਨੇਕ ਰਸਤੇ ਸਨ, ਜਿਨ੍ਹਾਂ ਨੂੰ ਅਪਨਾ ਕੇ ਉਦੇਸ਼-ਪੂਰਤੀ ਪ੍ਰਾਪਤ ਕੀਤੀ ਜਾ ਸਕਦੀ ਸੀ । ਪੁਸਤਕ ਇਤਿਹਾਸ ਤਾਂ ਹੈ, ਕਿ ਕਥਾ-ਕਹਾਣੀਆਂ, ਅਤੀਤ ਦੇ ਪਰਸੰਗ, ਭਾਵੇਂ ਹੁਣੇ-ਹੁਣੇ ਬੀਤੇ ਅੱਖੀਂ ਦੇਖੇ, ਹੰਡੀ ਹੰਢਾਏ ਹਨ, ਪਰ ਅਤੀਤ ਨਾਲ ਸਬੰਧਤ ਹਨ । ਹੁਣ ਪੰਜਾਬ ਦੇ ਨਾਜ਼ੁਕ ਦੌਰ ਦੇ ਇਹ ਪ੍ਰਸੰਗ ਆਖਰ ਇਤਿਹਾਸ ਬਣ ਚੁੱਕੇ ਹਨ । ਕਰਫਿਊ ਲੱਗੇ ਸ਼ਹਿਰਾਂ ਦੀਆਂ ਘਟਨਾਵਾਂ, ਉਹਨਾਂ ਦਿਨਾਂ ਦੀਆਂ ਤੰਗੀਆਂ-ਤੁਰਸ਼ੀਆਂ ਦੀਆਂ ਘਟਨਾਵਾਂ ਜ਼ਿਕਰ ਕਰਦੇ ਇਹ ਬਿਰਤਾਂਤ, ਪੰਜਾਬ ਦੇ ਜ਼ਖਮੀ ਇਤਿਹਾਸ ਉੱਪਰ ਧੱਬਾ ਬਣ ਚੁੱਕੇ ਹਨ । ਅਨੇਕਾਂ ਪ੍ਰਸੰਗਾਂ ਦੇ ਜਿਉਂਦੇ ਜਾਗਦੇ ਪ੍ਰਸੰਗ, ਲੇਖਕ ਦੇ ਤਨ-ਬੁੱਧੀ ਅਤੇ ਚੇਤਨਾ ਉੱਪਰ ਡੂੰਘੇ ਦਾਗ ਸੱਟ ਬਣ ਕੇ ਕੌੜੀਆਂ ਯਾਦਾਂ ਹੀ ਬਾਕੀ ਹਨ । ਲੇਖਕ ਦਾ ਇਹ ਕਥਨ ਸੱਚ ਬੋਲਦਾ ਹੈ ਕਿ ਅੱਜ ਵਰਗੇ ਨਾਜ਼ੁਕ ਹਾਲਾਤ, ਬੀਤੇ ਇਤਿਹਾਸ ਦੇ ਪ੍ਰਸੰਗ ਬਣ ਕੇ ਰਹਿ ਗਏ ਹਨ, ਜਿਨ੍ਹਾਂ ਨੇ ਸਾਡੇ ਸਭਿਆਚਾਰ ਅਤੇ ਧਾਰਮਿਕ ਸੋਚ ਉੱਪਰ ਘਾਤਕ ਹਮਲੇ ਕੀਤੇ ਸਨ । ਕਾਲ ਪੈਂਦੇ ਰਹੋ, ਬਿਮਾਰੀਆਂ, ਤੰਗੀਆਂ, ਵਿਦੇਸ਼ੀ ਹਮਲਿਆਂ ਨੇ ਸਾਡੇ ਸਥਾਪਤ ਹੋਏ ਸਮਾਜਿਕ ਤੇ ਸਭਿਆਚਾਰਕ ਸੰਬੰਧਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਸਨ । ਲੋਕ ਨਿਹੋਰੇ ਕਰ ਰਹੇ ਸਨ, ‘ਅਸੀਂ ਹਿੰਦੋਸਤਾਨ ਨੂੰ ਬਚਾਇਆ, ਹੁਣ ਹਿੰਦੋਸਤਾਨ ਸਾਨੂੰ ਵਿਸਾਰੀ ਜਾ ਰਿਹਾ ਹੈ ।’  ਇਹ ਕੌੜੇ ਕਥਨ ਉਹਨਾਂ ਮਾਰੂ ਘਟਨਾਵਾਂ ਨੂੰ ਝੱਲਦੇ ਹੋਏ ਲੋਕਾਂ ਦੇ ਧੁਰ ਅੰਦਰੋਂ, ਨਿਹੋਰੇ ਮਾਰ ਕੇ ਨਿਕਲ ਰਹੇ ਸਨ । ਹਾਲਾਤ ਦੇ ਦਰਦ ਜਾਨਣ ਲਈ ਲੋਕਾਂ ਵਿਚ ਘੁੰਮਣਾ ਚਾਹੀਦਾ ਹੈ । ਕਿਧਰੇ ਕੋਈ ਬੇਇਨਸਾਵੀ ਦੇ ਦੁੱਖ ਬੋਲ ਰਹੇ ਹਨ , ਕਿਧਰੇ ਕਿਰਸਾਨ ਮੋਰਚੇ ਲਗਾ ਰਹੇ ਹਨ ।

ਇਸ ਪੁਸਤਕ ਦੇ 16 ਅਧਿਆਇ ਹਨ, ਹਰ ਅਧਿਆਇ ਵਿੱਚ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ਕਾਰਨ ਹਕੂਮਤਾਂ, ਲੋਕ ਆਵਾਜ਼ਾ ਨੂੰ ਕੁਚਲ ਕੇ, ਉਹਨਾਂ ਨੂੰ ਸੰਘਰਸ਼ ਕਰਨ, ਮੋਰਚੇ ਲਾਉਣ, ਮਰਨ-ਵਰਤ ਰੱਖਣ, ਪੁਲਸ ਦੀਆਂ ਤਸ਼ੱਦਦਨੁਮਾ ਵਧੀਕੀਆਂ ਦਾ ਜ਼ਿਕਰ ਹੈ ।

ਰਾਜਨੀਤਕ ਦ੍ਰਿਸ਼ਟੀ ਤੋਂ ਪਿਛਲੇ ਤਿੰਨ ਦਹਾਕੇ ਤੋਂ ਕੇਂਦਰੀ ਸਰਕਾਰ ਸਥਾਪਤ ਹੋਈ ਹੈ । ਸਭ ਕੁਝ ਉਸ ਨੇ ਬਦਲ ਦਿੱਤਾ ਹੈ । ਪਿਛਲੇ ਤਿੰਨ ਦਹਾਕਿਆਂ ਦੀਆਂ ਨੀਤੀਆਂ ਲਈ ਬਦਨੀਅਤ ਬਣ ਕੇ ਉਹਨਾਂ ਆਵਾਜ਼ਾਂ ਨੂੰ ਦਬਾਅ ਰਹੀ ਹੈ, ਜਿਨ੍ਹਾਂ ਨੂੰ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਆਵਾਜ਼ ਕਹਿ ਰਹੇ ਹਾਂ ।

ਲੇਖਕ ਕਦੇ ਇਤਿਹਾਸ ਫਰੋਲਦਾ ਹੈ, ਹੋਏ ਦੰਗਿਆਂ, ਪਏ ਸੋਕਿਆਂ ਕਾਰਨ ਬੰਗਾਲ ਦੇ 43 ਲੱਖ ਲੋਕਾਂ ਦੀ ਮੌਤ ਦੇ ਕੌੜੇ ਸੱਚ ਨੂੰ ਯਾਦ ਕਰਦਾ, ਆਪਣੇ ਸੁਤੰਤਰ ਖਿਆਲਾਂ ਦੀਆਂ ਆਵਾਜ਼ਾਂ ਬੁਲੰਦ ਕਰਦਾ, ਸਮੁੱਚੇ ਦੇਸ਼ ਦੇ ਹਾਲਾਤ ਦਾ ਸੱਚ ਬਿਆਨ ਕਰਦਾ ਹੈ।

ਪੁਸਤਕ ਦੇ ਲੇਖਕ ਨੂੰ ਹਕੀਕਤ ਪਸੰਦ ਲੋਕ ਪੱਖੀ ਨੀਤੀ ਨੂੰ ਜਿਉਂਦਾ ਰੱਖਣ ਲਈ ਕਰੋਧ ਵਿਰੋਧ ਦੀਆਂ ਦਲੀਲਾਂ ਦਿੱਤੀਆਂ ਹਨ । ਪੁਸਤਕ ਇਤਿਹਾਸਕ, ਰਾਜਨੀਤਕ, ਸਭਿਆਚਾਰਕ ਦ੍ਰਿਸ਼ਟੀ ਤੋਂ ਪਾਠਕਾਂ ਨੂੰ ਸੁਚੇਤ ਕਰਦੀ ਹੈ ਕਿ “ਸੁਚੇਤ ਰਹੋ, ਹੱਕ-ਸੱਚ ਦੀ ਰਾਖੀ ਕਰੋ, ਲੋਕ ਮਾਰੂ ਸ਼ਕਤੀਆਂ ਦੀ ਪਛਾਣ ਕਰਕੇ ਉਹਨਾਂ ਦਾ ਵਿਰੋਧ ਕਰੋ।” ਪਾਠਕ ਪੁਸਤਕ ਦੇ ਹਰ ਅਧਿਆਇ ਦੇ ਪਾਠ ਪਿੱਛੋਂ ਅਨੁਭਵ ਕਰਨਗੇ ਕਿ ਸਮੁੱਚੇ ਭਾਰਤ ਵਿੱਚ ਅਸਲ ਰਾਜਨੀਤਕ, ਸਭਿਆਚਾਰਕ, ਆਰਥਿਕ ਹਾਲਾਤ ਖਰਾਬ ਕਰਨ ਦਾ ਕੌਣ ਜ਼ਿੰਮੇਵਾਰ ਹੈ । ਪੁਸਤਕ ਦਾ ਪੰਜਾਬੀ ਅਨੁਵਾਦ ਸਰਲ, ਢੁਕਵਾਂ ਅਤੇ ਲੋਕ ਬੋਲੀ ਅਨੁਸਾਰ ਹੈ ।

 

Order Online -: https://www.singhbrothers.com/en/punjab-jinhan-rahan-di-main-saar-na-janan

 

From - Nawan Zamana Newspaper

By - Dr. Amar Komal

Dated - 02.10.2022