Blog posts tagged with '8172056524'
ਕਰਤਾਰਪੁਰ ਦੀ ਸਿੱਖ ਵਿਰਸੇ ਵਿਚ ਅਹਿਮੀਅਤ ਬਿਆਨਦਾ ਦਸਤਾਵੇਜ਼

Kartarpur Da Virsa

Kartarpur Da Virsa by Prithipal Singh Kapur

 

ਪੰਜਾਬੀ ਦੇ ਵਿਦਵਾਨ ਅਤੇ ਸਿੱਖ ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ ਦੁਆਰਾ ਰਚਿਤਕਰਤਾਰਪੁਰ ਦਾ ਵਿਰਸਾ ਸਿੱਖ ਧਰਮ ਅਤੇ ਗੁਰਮਤਿ ਇਤਿਹਾਸ ਨਾਲ ਸਬੰਧਿਤ ਖੋਜ ਭਰਪੂਰ ਪੁਸਤਕ ਹੈ । ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਧਰਮ, ਇਤਿਹਾਸ, ਵਿਰਸਾ, ਗੁਰਮਤਿ ਵਿਚਾਰਧਾਰਾ ਆਦਿ ਖੇਤਰਾਂ ਵਿਚ ਕਾਫ਼ੀ ਅਧਿਐਨ ਕੀਤਾ ਹੈ । ਇਸ ਖੇਤਰ ਵਿਚ ਉਨ੍ਹਾਂ ਦੀਆਂ ਹੁਣ ਤਕ ਮੌਲਿਕ, ਸੰਪਾਦਿਤ ਅਤੇ ਅਨੁਵਾਦਿਤ ਰੂਪ ਵਿਚ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਸੂਚੀ ਕਾਫੀ ਲੰਬੀ ਹੈ ।ਕਰਤਾਰਪੁਰ ਦਾ ਵਿਰਸਾਪੁਸਤਕਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ । ਇਸ ਪੁਸਤਕ ਦੇ ਮੁੱਖਬੰਧ ਉਪਰੰਤ ਕ੍ਰਮਵਾਰ 8 ਅਧਿਆਇ ਇਸ ਪ੍ਰਕਾਰ ਹਨ: 1. ਪ੍ਰਵੇਸ਼ਕਾ, 2. ਬਾਬਾਣੀਆ ਕਹਾਣੀਆਂ, 3. ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ: ਇਤਿਹਾਸਕ ਪਰਿਪੇਖ, 4. ਕਰਤਾਰਪੁਰ ਵਸਾਉਣਾ: ਵਿਚਾਰ ਤੇ ਦੈਵੀ ਬਸਤੀ ਤਕ, 5. ਕਰਤਾਰਪੁਰ ਦਾ ਵਿਰਸਾ, 6. ਕਰਤਾਰਪੁਰ ਦੀਆਂ ਪ੍ਰਮੁੱਖ ਇਤਿਹਾਸਕ ਘਟਨਾਵਾਂ, 7. ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, 8.ਕਰਤਾਰਪੁਰ- ਡੇਰਾ ਬਾਬਾ ਨਾਨਕ ਲਾਂਘੇ ਦੀ ਵਿੱਥਿਆ । ਅਖੀਰ ਵਿਚ ਅੰਤਿਕਾਵਾਂ ਉਪਰੰਤ ਚੋਣਵੀਂ ਪੁਸਤਕਾਵਲੀ ਹੈ ਜੋ ਇਸ ਪੁਸਤਕ ਦੇ ਖੋਜ ਹਵਾਲਿਆਂ ਦਾ ਆਧਾਰ ਬਣੀ ਹੈ ।

 

ਹੱਥਲੀ ਪੁਸਤਕ ਦੇ ਆਰੰਭ ਵਿਚ ਲੇਖਕ ਕਰਤਾਰਪੁਰ ਦੀ ਸਿੱਖ ਵਿਰਸੇ ਵਿਚ ਅਹਿਮੀਅਤ ਬਾਰੇ ਲਿਖਦੇ ਹਨ;ਗੁਰੂ ਨਾਨਕ ਸਾਹਿਬ ਮਨੁੱਖੀ ਜੀਵਨ ਦੇ ਹਰੇਕ ਪਹਿਲੂ ਦੀ ਘੋਖਵੀਂ ਜਾਂਚ ਕਰਨ ਉਪਰੰਤ ਹੀ ਆਪਣੀ ਪ੍ਰਤੀਕਿਰਿਆ ਨਿਰਧਾਰਤ ਕਰਦੇ ਸਨ । ਉਨ੍ਹਾਂ ਦੇ ਉਪਦੇਸ਼ ਦੀ ਮੂਲ ਧਾਰਾ ਆਲਮੀ ਅਤੇ ਸੰਗਤੀ ਹੈ । ਇਸੇ ਸੰਦਰਭ ਵਿਚਸੰਗਤ’ ਨੂੰ ਹੀ ਕਰਤਾਰਪੁਰ ਦੇ ਵਿਰਸੇ ਦਾ ਪ੍ਰਧਾਨ ਚਿੰਨ੍ਹ ਮੰਨਿਆ ਗਿਆ ਹੈ ।” ਦਰਅਸਲ ਵਿਸ਼ਵ ਦੇ ਭੂਗੋਲਿਕ ਨਕਸ਼ੇ ਉੱਥੇ ਕਰਤਾਰਪੁਰ ਉਹ ਧਰਤ ਹੈ ਜਿੱਥੋਂ ਸਿੱਖ ਪੰਥਕ ਸੰਗਠਨ ਦੀ ਮੁੱਢਲੀ ਰੂਪ ਰੇਖਾ ਉਲੀਕੀ ਗਈ ਹੈ । ਲੇਖਕ ਮੁਤਾਬਕ ਆਦਰਸ਼ ਜੀਵਨ ਨਿਰਬਾਹ ਦਾ ਤ੍ਰੈਪੱਖੀ ਸਿੱਖ ਸਿਧਾਂਤ (ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ) ਨੂੰ ਅਮਲੀ ਤੌਰ 'ਤੇ ਇੱਥੇ ਹੀ ਪ੍ਰਗਟ ਕੀਤਾ ਗਿਆ । ਪੰਥਕ ਸੰਗਠਨ ਦੀਆਂ ਮਹੱਤਵਪੂਰਨ ਰਵਾਇਤਾਂ/ਸੰਸਥਾਵਾਂ: ਸੰਗਤ, ਗੁਰਬਾਣੀ, ਕੀਰਤਨ, ਗੁਰਦੁਆਰਾ, ਲੰਗਰ, ਪੰਗਤ ਅਤੇ ਕਾਰ ਸੇਵਾ ਦੀ ਨੁਹਾਰ ਵੀ ਕਰਤਾਰਪੁਰ ਵਿਖੇ ਰੂਪਮਾਨ ਹੋਈ ।

 

ਗੁਰੂ ਨਾਨਕ ਸਾਹਿਬ ਦੀ ਅਗਵਾਈ ਵਿਚ ਦੂਰ-ਗਾਮੀ ਪ੍ਰਭਾਵ ਰੱਖਣ ਵਾਲੀਆਂ ਪ੍ਰਚੰਡ ਸਰਗਰਮੀਆਂ ਵੱਲ ਦੂਸਰੇ ਧਰਮਾਂ (ਵਿਸ਼ੇਸ਼ ਤੌਰ 'ਤੇ ਹਿੰਦੂ/ਮੁਸਲਮਾਨ) ਦੇ ਚਿੰਤਕਾਂ, ਵਿਦਵਾਨਾਂ, ਪ੍ਰਚਾਰਕਾਂ ਨੇ ਗੰਭੀਰਤਾ ਅਤੇ ਫ਼ਿਕਰਮੰਦੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ । ਕਈ ਉੱਘੇ ਪੰਡਤ ਤੇ ਕਾਜ਼ੀ/ਮੁੱਲਾਂ ਕਰਤਾਰਪੁਰ ਪੁੱਜੇ । ਇਸ ਦੇ ਨਾਲ ਹੀ ਲੇਖਕ ਕਪੂਰ ਨੇ ‘ਕਰਤਾਰਪੁਰ ਦੇ ਵਿਰਸੇ’ ਨੂੰ ਪ੍ਰਮੁੱਖ ਇਤਿਹਾਸਕ ਘਟਨਾਵਾਂ ਦੇ ਝਰੋਖੇ ਵਿੱਚੋਂ ਵੇਖਿਆ ਹੈ । ਇਨ੍ਹਾਂ ਘਟਨਾਵਾਂ ਵਿਚ ਭਾਈ ਲਹਿਣੇ ਨੂੰ ਗੁਰਗੱਦੀ ਦੀ ਬਖਸ਼ਿਸ਼, ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਅਤੇ ਭਾਈ ਮਰਦਾਨਾ ਜੀ ਦਾ ਪ੍ਰਲੋਕ ਸਿਧਾਰਣਾ ਅਤੇ ਗੁਰੂ ਬਾਬੇ ਨਾਨਕ ਦਾ ਪ੍ਰਲੋਕ ਸਿਧਾਰਨਾ ਆਦਿ ਪ੍ਰਮੁੱਖ ਹਨ । ਆਖ਼ਰੀ ਅਧਿਆਇ ਵਿਚਕਰਤਾਰਪੁਰ ਡੇਰਾ ਬਾਬਾ ਨਾਨਕ ਲਾਂਘੇ ਦੀ ਵਿਥਿਆ ਦਾ ਜ਼ਿਕਰ ਹੈ, ਜਿਸ ਵਿਚ ਲੇਖਕ ਨੇ ਆਜ਼ਾਦ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵੱਲੋਂ ਤਕਨੀਕੀ ਤੌਰ 'ਤੇ ਲਾਂਘੇ ਨਾਲ ਜੁੜੀਆਂ ਘਟਨਾਵਾਂ, ਕੁਲਦੀਪ ਸਿੰਘ ਵਡਾਲਾ ਵੱਲੋਂ ਕੀਤੀਆਂ ਅਰਦਾਸਾਂ ਰਾਹੀਂ ਚਾਰਾਜੋਈਆਂ ਅਤੇ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਕੀਤੇ ਹੰਭਲਿਆਂ ਦੀ ਸਫਲਤਾ ਦਾ ਜੋ ਜ਼ਿਕਰ ਕੀਤਾ ਹੈ, ਉਹ ਪਾਠਕਾਂ ਲਈ ਜਾਣਕਾਰੀ ਭਰਪੂਰ ਹੈ ।

 

ਕਿਸੇ ਪੁਸਤਕ ਦੀ ਰਚਨਾਤਮਕਤਾ ਦੀ ਪ੍ਰਾਪਤੀ ਪੁਸਤਕ ਦੇ ਅੰਦਰੂਨੀ ਅਤੇ ਬਾਹਰੀ ਕਲਾਤਮਕ ਪੱਖਾਂ ਵਿੱਚੋਂ ਨਜ਼ਰੀਂ ਪੈਂਦੀ ਹੈ । ਇਸ ਪੁਸਤਕ ਦੀ ਅੰਦਰੂਨੀ ਖ਼ੂਬਸੂਰਤੀ ਇਹ ਹੈ ਕਿ ਲੇਖਕ ਨੇ ਇਤਿਹਾਸਕ ਪ੍ਰਮਾਣਾਂ ਨੂੰ ਗੁਰਬਾਣੀ ਦੀਆਂ ਪੰਕਤੀਆਂ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਹੋਰ ਸਾਖੀਆਂ ਨੂੰ ਆਧਾਰ ਬਣਾ ਕੇ ਹਵਾਲਿਆਂ ਦਾ ਜ਼ਿਕਰ ਕੀਤਾ ਹੈ ।

 

ਪੁਸਤਕ ਦੀ ਬਾਹਰੀ ਸੁੰਦਰਤਾ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਅਤੇ ਲਕੀਰੀ ਚਿੱਤਰਾਂ ਦੇ ਹਵਾਲੇ ਨਾਲ ਪੇਸ਼ ਕੀਤਾ ਹੈ ਜੋ ਕਿ ਪੁਸਤਕ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ । ਪੁਸਤਕ ਦੀ ਲੇਖਣੀ ਵਿਚ ਰਵਾਨਗੀ ਅਤੇ ਜਿਗਿਆਸਾ ਹੋਣ ਕਰਕੇ ਪਾਠਕਾਂ ਨੂੰਆਪਣੇ ਨਾਲ ਜੋੜੀ ਰੱਖਦੀ ਹੈ । ਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਇਸ ਪੁਸਤਕ ਦੇ ਕੁੱਲ ਪੰਨੇ 104 ਅਤੇ ਕੀਮਤ: 125/-ਰੁਪਏ ਹੈ । ਧਾਰਮਿਕ ਅਸਥਾਨਾਂ ਦੀ ਜ਼ਿਆਰਤ ਕਰਨ ਵਾਲਿਆਂ ਲਈ ਇਹ ਪੁਸਤਕ ਬਹੁਤ ਲਾਹੇਵੰਦ ਹੈ ਅਤੇ ਆਮ ਪਾਠਕਾਂ ਲਈ ਪੜ੍ਹਨ ਅਤੇ ਸਾਂਭਣਯੋਗ ਹੈ ।

 

Order Online -: https://www.singhbrothers.com/en/kartarpur-da-virsa

 

From - Punjabi Jagran Newspaper

By - Dr. Balwinder Singh Thind

Dated - 16.10.2022